ਜਲੰਧਰ : ਬਸਪਾ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਰੱਖਿਆ, ਅੱਜ ਦੇ ਦਿਨ ਕਾਂਗਰਸ ਨੇ ਫਿਰ ਚਾਲ ਚੱਲੀ ਅਤੇ ਕਾਂਗਰਸ ਨੇ ਕਿਸਾਨਾਂ ਦਾ ਚਿਹਰਾ ਵਰਤਿਆ ਅਤੇ ਕਿਸਾਨਾਂ ਦੇ ਵਿੱਚ ਜਿਹੜੇ ਕਾਂਗਰਸ ਨੂੰ ਹਿਮਾਇਤ ਕਰਨ ਵਾਲੇ ਲੋਕ ਨੇ ਉਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਖੜ੍ਹੇ ਕੀਤੇ। ਪਿੰਡ-ਪਿੰਡ ਟਰਾਲੀਆਂ ਲਾਈਆਂ, ਸੜਕਾਂ ‘ਤੇ ਵੱਡੇ ਨਾਕੇ ਲਵਾਏ ਅਤੇ ਅੱਜ ਕਾਂਗਰਸ ਦੇ ਹਮਲੇ ਦਾ ਬਸਪਾ ਸਵਾਗਤ ਕਰਦੀ ਹੈ।
ਕਾਂਗਰਸ ਸਮੇਂ ਦਾ ਉਡੀਕ ਕਰੇ, ਬਹੁਜਨ ਸਮਾਜ ਪਾਰਟੀ ਇਸਦਾ ਢੁੱਕਵਾਂ ਜਵਾਬ ਦੇਵੇਗੀ। ਕਾਂਗਰਸ ਦੀ ਧੌਣ ‘ਤੇ ਗੋਡਾ ਜਿਹੜਾ ਪਿਛਲੇ ਢਾਈ ਸਾਲਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਰੱਖਿਆ ਉਹ ਕਾਂਗਰਸ ਪਾਰਟੀ ਨਾਲ ਵਾਅਦਾ ਕਰਦੇ ਨੇ ਕਿ ਕਾਂਗਰਸ ਦੀਆਂ ਚੀਕਾਂ ਜੇ ਇਟਲੀ ਤੱਕ ਨਾ ਪਹੁੰਚਾਈਆਂ ਤਾਂ ਸਾਡਾ ਨਾਂ ਬਦਲ ਦਿਓ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਲੰਧਰ ਵਿਖੇ ਆਯੋਜਿਤ ਭੁੱਲ ਸੁਧਾਰ ਰੈਲੀ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਬਸਪਾ ਤੇ ਅਕਾਲੀ ਦਲ ਦੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਤ ਕਰਦਿਆਂ ਕੀਤਾ।
ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਦਾ ਦਿਮਾਗ ਖਰਾਬ ਹੋ ਗਿਆ ਹੈ ਅਤੇ ਉਸਦਾ ਕਾਰਣ ਪਿਛਲੇ ਢਾਈ ਸਾਲਾਂ ਤੋਂ ਬਸਪਾ ਨੇ ਜਿਹੜਾ ਕਾਂਗਰਸ ਦੀ ਧੌਣ ‘ਤੇ ਗੋਡਾ ਰੱਖਿਆ ਹੈ ਉਹ ਹੀ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟ ਮਿਲਣ ‘ਤੇ ਕਾਂਗਰਸੀਆਂ ਨੇ ਬਸਪਾ ਨਾਲ ਗਾਲੀ-ਗਲੋਚ ਕੀਤੀ, ਕਾਂਗਰਸ ਦੇ ਸਾਬਕਾ ਐਮ.ਐਲ.ਏ ਅਜੀਤ ਇੰਦਰ ਸਿੰਘ ਮੋਫਰ ਨੇ ਤਾਂ ਹੱਦ ਹੀ ਟੱਪ ਦਿੱਤੀ ਅਤੇ ਦੋ ਵੱਡੀਆਂ ਜਾਤਾਂ ਦੇ ਨਾਮ ਲੈ ਕੇ ਗਾਲੀ-ਗਲੋਚ ਕਰ ਰਿਹਾ ਹੈ, ਸਿੱਧੀਆਂ ਗਾਲ੍ਹਾਂ ਕੱਢ ਰਿਹਾ।
ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਹ ਕਹਿੰਦੀ ਹੈ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਕਾਂਗਰਸ ਨੂੰ ਐਸ.ਸੀ ਕਿਉਂ ਨਹੀਂ ਯਾਦ ਆਇਆ? ਹੁਣ ਕਾਂਗਰਸ ਨੂੰ ਇਸ ਕਰਕੇ ਯਾਦ ਆਇਆ ਕਿਉਂਕਿ ਬਸਪਾ-ਅਕਾਲੀ ਦਲ ਦਾ ਗਠਜੋੜ ਚੰਡੀਗੜ੍ਹ ਦੇ ਤਖਤ ਵੱਲ ਨੂੰ ਚੰਘਾੜਾਂ ਮਾਰਦਾ ਵਧ ਰਿਹਾ ਹੈ।
ਸ. ਗੜ੍ਹੀ ਨੇ ਕਿਹਾ ਕਿ ਬਸਪਾ ਜਿਵੇਂ-ਜਿਵੇਂ ਅੱਗੇ ਵਧੀ ਕਾਂਗਰਸ ਦੇ ਨਾਲ-ਨਾਲ ਕੇਜਰੀਵਾਲ ਵੀ ਚੀਕਾਂ ਮਾਰਨ ਲੱਗ ਪਿਆ। ਕੇਜਰੀਵਾਲ ਨੂੰ ਸ਼ਬਦੀ ਹਮਲੇ ਵਿੱਚ ਠੋਕਦੇ ਹੋਏ ਸ. ਗੜ੍ਹੀ ਨੇ ਕਿਹਾ ਕਿ ‘ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਮਾਨਿਅਵਰ ਸਾਹਿਬ ਕਾਂਸ਼ੀ ਰਾਮ ਜੀ ਕਰਨਗੇ ਪੂਰਾ’ ਪਰ ਕੇਜਰੀਵਾਲ ਉਥੇ ਆਪਣੀ ਟੋਪੀ ਲਾ ਕੇ ਘਰ-ਘਰ ਕਲੰਡਰ ਵੰਡਣ ਲੱਗਿਆ ਹੈ।
ਸ. ਗੜ੍ਹੀ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ 25 ਫੀਸਦੀ ਟੈਂਡਰ ਐਸ.ਸੀ, 25 ਫੀਸਦੀ ਪੱਛੜਿਆਂ ਅਤੇ ਬਾਕੀ 50 ਫੀਸਦੀ ਜਨਰਲ ਭਾਈਚਾਰੇ ਨੂੰ ਦਿੱਤੇ ਤੇ ਕੇਜਰੀਵਾਲ ਇਹ ਪਹਿਲਾਂ ਪੂਰਾ ਕਰਕੇ ਦਿਖਾਵੇ।
ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਐਸ.ਸੀ ਮੁੱਖ ਮੰਤਰੀ ਤਾਂ ਲਾ ਦਿੱਤਾ ਪਰ ਉਸਨੂੰ ਪਾਵਰ ਕੋਈ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਚੰਨੀ ਸਿਰਫ ਰਬੜ ਦੀ ਮੋਹਰ ਹੈ ਅਤੇ ਚੰਨੀ ਕੋਲ ਕੋਈ ਪਾਵਰ ਨਹੀਂ, ਇਸ ਗੱਲ ਦਾ ਸਬੂਤ ਇਸੇ ਤੋਂ ਮਿਲ ਜਾਂਦਾ ਹੈ ਕਿ ਚੰਨੀ ਆਪਣੀ ਮਰਜ਼ੀ ਦੇ ਨਾਲ ਚਪੜਾਸੀ ਵੀ ਨਹੀਂ ਲਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਬੜ ਦੀ ਮੋਹਰ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ ਸਗੋਂ ਪੰਜਾਬ ਦੇ ਐਸ.ਸੀ ਵਰਗ ਨੂੰ ਉਨ੍ਹਾਂ ਦੇ ਹੱਕ ਵਿੱਚ ਠੋਕ ਵਜਾ ਕੇ ਫੈਸਲੇ ਲੈਣ ਵਾਲਾ ਸੁਖਬੀਰ ਸਿੰਘ ਬਾਦਲ ਵਰਗਾ ਨਿਧੜਕ ਮੁੱਖ ਮੰਤਰੀ ਚਾਹੀਦਾ ਹੈ।
ਰੈਲੀ ਦੇ ਅਖੀਰ ਵਿੱਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਉਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਵੀ ਸ਼ਬਦੀ ਹਮਲੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਤੇ ਬਸਪਾ ਗਠਜੋੜ 2022 ਵਿਚ ਕਾਂਸ਼ੀ ਰਾਮ ਪੇਂਡੂ ਵਿਕਾਸ ਸਕੀਮ ਲਾਗੂ ਕਰੇਗਾ ਜਿਸ ਤਹਿਤ 50 ਫੀਸਦੀ ਐਸ ਸੀ ਆਬਾਦੀ ਵਾਲੇ ਪਿੰਡਾਂ ਨੂੰ 50 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਜੋ ਬਾਬੂ ਕਾਂਸ਼ੀ ਰਾਮ ਦੀ 15ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਇਹ ਸਕੀਮ ਐਸਸੀ ਆਬਾਦੀ ਲਈ ਬਹੁਤ ਲਾਭਕਾਰੀ ਹੋਵੇਗੀ ਕਿਉਂਕਿ ਵਿਸ਼ੇਸ਼ ਗਰਾਂਟ ਦੀ ਬਦੌਲਤ ਜਲ ਸਪਲਾਈ ਤੇ ਡਰੇਨੇਜ ਪ੍ਰਾਜੈਕਟਾਂ ਵਿਚ ਤੇਜ਼ੀ ਆਵੇਗੀ ਤੇ ਪਿੰਡਾਂ ਵਿਚ ਸਟ੍ਰੀਟ ਲਾਈਟਾਂ ਲੱਗ ਸਕਣਗੀਆਂ ਤੇ ਫੁੱਟਪਾਥ ਵੀ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਿੰਡਾਂ ਨੂੰ ਮਾਡਲ ਪਿੰਡਾਂ ਵਿਚ ਤਬਦੀਲ ਕਰਨ ਦੀ ਇਕ ਸ਼ੁਰੂਆਤ ਹੋਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਜ਼ਿਲ੍ਹਾ ਪੱਧਰ ’ਤੇ ਮੈਡੀਕਲ ਕਾਲਜ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਬਾਬੂ ਕਾਂਸ਼ੀ ਰਾਮ ਦੇ ਨਾਂ ’ਤੇ ਮਲਟੀ ਸਪੈਸ਼ਲਟੀ ਹਸਪਤਾਲ ਬਣਾਇਆ ਜਾਵੇਗਾ ਤੇ ਦੋਆਬਾ ਵਿਚ ਡਾ. ਬੀ ਆਰ ਅੰਬੇਡਕਰ ਦੇ ਨਾਂ ’ਤੇ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਐਸਸੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਕਮਜ਼ੋਰ ਵਰਗਾਂ ਲਈ 5-5 ਲੱਖ ਘਰ ਬਣਾ ਕੇ ਦੇਣ ਲਈ ਵੀ ਵਚਨਬੱਧ ਹਾਂ।
ਉਨ੍ਹਾਂ ਕਿਹਾ ਕਿ ਹਰ ਸਾਲ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਨੂੰ ਇਕ-ਇਕ ਲੱਖ ਘਰ ਬਣਾ ਕੇ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਐਸਸੀ ਤੇ ਬੀਸੀ ਵਰਗ ਨੂੰ ਦੋ ਵਿਭਾਗਾਂ ਵਿਚ ਵੰਡ ਕੇ ਯਕੀਨੀ ਬਣਾਵਾਂਗੇ ਕਿ ਐਸਸੀ ਤੇ ਬੀਸੀ ਵਰਗ ਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਜੇਕਰ ਕੋਈ ਭਲਾ ਕਰ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਕਿਸਾਨੀ ਮਸਲੇ ਦਾ ਹੱਲ ਕਰਨ ਅਤੇ ਅੰਦੋਲਨ ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਹੁਜਨ ਆਗੂ ਨੇ ਦੇਸ਼ ਭਰ ਵਿਚ ਸਮਾਜ ਦੇ ਦੱਬੇ-ਕੁਚਲੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ। ਉਨ੍ਹਾਂ ਕਿਹਾ ਕਿ 1996 ਵਿਚ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੋਇਆ ਸੀ ਤੇ ਇਸਨੇ ਪੰਜਾਬ ਵਿਚ 13 ਵਿਚੋਂ 11 ਲੋਕ ਸਭਾ ਸੀਟਾਂ ਜਿੱਤ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਇਕ ਵਾਰ ਫਿਰ ਤੋਂ 2022 ਵਿਚ ਇਹ ਇਤਿਹਾਸ ਦੁਹਰਾਉਣ ਦਾ ਸਬੱਬ ਬਣ ਗਿਆ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਅੱਜ ਦੀ ਰੈਲੀ ‘ਚ ਲਾਈ ਵੱਡੇ ਐਲਾਨਾਂ ਦੀ ਝੜੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਬਲਦੇਵ ਸਿੰਘ ਖਹਿਰਾ, ਬਸਪਾ ਦੇ ਜਨਰਲ ਸਕੱਤਰ ਅਤੇ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਡਾ. ਨਛੱਤਰ ਪਾਲ, ਬਸਪਾ ਦੇ ਜਨਰਲ ਸਕੱਤਰ ਅਜੀਤ ਸਿੰਘ ਭੈਣੀ, ਬਸਪਾ ਦੇ ਜਨਰਲ ਸਕੱਤਰ ਗੁਰਲਾਲ ਸੈਲਾ, ਬਸਪਾ ਦੇ ਕਰਤਾਰਪੁਰ ਦੇ ਹਲਕਾ ਇੰਚਾਰਜ ਬਲਵਿੰਦਰ ਕੁਮਾਰ, ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਵਰਿੰਦਰ ਪਰਹਾਰ, ਸ਼ਾਮ ਚੁਰਾਸੀ ਦੇ ਹਲਕਾ ਇੰਚਾਰਜ ਇੰਜੀਨੀਅਰ ਮਹਿੰਦਰ ਸਿੰਘ, ਟਾਂਡਾ ਤੋਂ ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਦਸੂਹਾ ਤੋਂ ਹਲਕਾ ਇੰਚਾਰਜ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ, ਜਲੰਧਰ ਵੈਸਟ ਤੋਂ ਹਲਕਾ ਇੰਚਾਰਜ ਅਨਿਲ ਕੁਮਾਰ ਡੀ.ਐਮ, ਬੱਸੀ ਪਠਾਣਾ ਤੋਂ ਬਸਪਾ ਦੇ ਹਲਕਾ ਇੰਚਾਰਜ ਐਡਵੋਕੇਟ ਸ਼ਿਵ ਕਲਿਆਣ, ਅਕਾਲੀ ਆਗੂ ਗੁਰਬਚਨ ਸਿੰਘ ਬੱਬੇਹਾਲੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਾਬਕਾ ਮੈਂਬਰ ਪਾਰਲੀਮੈਂਟ ਵਰਿੰਦਰ ਸਿੰਘ ਬਾਜਵਾ, ਚੰਦਨ ਗਰੇਵਾਲ, ਸੇਠ ਸੱਤਪਾਲ ਮੱਲ, ਜਰਨੈਲ ਸਿੰਘ ਵਾਹਦ, ਐਸ.ਜੀ.ਪੀ.ਸੀ ਮੈਂਬਰ ਸਰਵਣ ਸਿੰਘ ਕੁਲਾਰ, ਗੁਰਬਖਸ਼ ਸਿੰਘ ਸ਼ੇਰਗਿੱਲ ਤੋਂ ਇਲਾਵਾ ਹੋਰ ਵੱਡੇ ਆਗੂ ਹਾਜ਼ਰ ਰਹੇ।
ਰੈਲੀ ਮੌਕੇ ਬੀਬਾ ਮਨਜੀਤ ਮਨੀ, ਬਲਵਿੰਦਰ ਬਿੱਟੂ ਅਤੇ ਹੋਰ ਮਿਸ਼ਨਰੀ ਕਲਾਕਾਰਾਂ ਨੇ ਵੀ ਬਾਬਾ ਸਾਹਿਬ ਦੀ ਜੀਵਨੀ ‘ਤੇ ਆਧਾਰਿਤ ਗੀਤ ਪੇਸ਼ ਕੀਤੇ।