ਮੁੰਬਈ : ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਸਿੱਖਾਂ ਨੂੰ ਲੈ ਕੇ ਕੀਤੀ ਅਪਮਾਨਜਨਕ ਟਿੱਪਣੀ ਸਬੰਧੀ ਦਰਜ ਕੀਤੀ ਗਈ ਐੱਫ.ਆਈ.ਆਰ. ਦੀ ਜਾਂਚ ਦੇ ਸਬੰਧ ਵਿੱਚ ਬਾਂਬੇ ਹਾਈਕੋਰਟ ਵੱਲੋਂ ਅੱਜ ਬੁੱਧਵਾਰ ਖਾਰ ਪੁਲਿਸ ਸਟੇਸ਼ਨ ਵਿੱਚ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ।
ਪਰ ਅਦਾਕਾਰਾ ਨੇ ਅੱਜ ਥਾਣੇ ਵਿੱਚ ਨਹੀਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕੰਗਨਾ ਨੇ ਆਪਣੇ ਵਕੀਲ ਐਡਵੋਕੇਟ ਰਿਜ਼ਵਾਨ ਸਿੱਦੀਕੀ ਰਾਹੀਂ ਥਾਣੇ ‘ਚ ਪੇਸ਼ ਨਾ ਹੋਣ ਦੀ ਇਹ ਵਜ੍ਹਾ ਦੱਸੀ ਕਿ ਉਹ ਬੁੱਧਵਾਰ ਨੂੰ ਮੁੰਬਈ ਨਹੀਂ ਜਾ ਰਹੀ ਹੈ।
ਦਰਅਸਲ, ਅਭਿਨੇਤਰੀ ਨੇ ਸਰਕਾਰ ਦੁਆਰਾ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਲਿਖਿਆ ਸੀ ਕਿ, ‘ਖਾਲਿਸਤਾਨੀ ਅੱਤਵਾਦੀਆਂ ਨੇ ਅੱਜ ਸਰਕਾਰ ਦੀ ਬਾਂਹ ਮਰੋੜ ਦਿੱਤੀ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਇਸ ਕਾਰਨ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ।’
ਇਸ ਬਿਆਨ ਤੋਂ ਬਾਅਦ ਕੰਗਨਾ ਦਾ ਖੂਬ ਵਿਰੋਧ ਹੋਇਆ। ਸੋਸ਼ਲ ਮੀਡੀਆ ‘ਤੇ ਉਸ ਖਿਲਾਫ ਕਈ ਪੋਸਟਾਂ ਪਾਈਆਂ ਗਈਆਂ ਤੇ ਉਸ ਖਿਲਾਫ ਐੱਫ.ਆਈ.ਆਰ. ਦੀ ਮੰਗ ਕੀਤੀ ਗਈ, ਜਿਸ ਪਿੱਛੋਂ ਕਈ ਥਾਵਾਂ ‘ਤੇ ਕੰਗਨਾ ਖਿਲਾਫ ਐੱਫ.ਆਈ.ਆਰ. ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੁੰਬਈ ਹਾਈ ਕੋਰਟ ਨੇ ਅਭਿਨੇਤਰੀ ਕੰਗਨਾ ਰਣੌਤ ਦੇ ਖਿਲਾਫ ਦਾਇਰ ਐੱਫ.ਆਈ.ਆਰ. ਦੀ ਸੁਣਵਾਈ ਕਰਦੇ ਹੋਏ ਉਸਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।
ਇਨ੍ਹਾਂ ਵਿਵਾਦਾਂ ਦੌਰਾਨ ਹੀ ਜਦੋਂ ਉਹ ਪੰਜਾਬ ‘ਚ ਸੀ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੀਰਤਪੁਰ ‘ਚ ਉਨ੍ਹਾਂ ਦੀ ਕਾਰ ਰੋਕ ਦਿੱਤੀ ਸੀ। ਉਨ੍ਹਾਂ ਕਿਸਾਨਾਂ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲਿਆਂ ਵਿਰੁੱਧ ਆਪਣੀ ਬਿਆਨਬਾਜ਼ੀ ਲਈ ਕੰਗਨਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਵਧਦੇ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲਸ ਬਲ ਵੀ ਮੌਕੇ ‘ਤੇ ਬੁਲਾਇਆ ਗਿਆ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਕਰੀਬ ਦੋ ਘੰਟੇ ਬਾਅਦ ਕੰਗਨਾ ਨੇ ਅਖੀਰ ਮੁਆਫੀ ਮੰਗ ਲਈ ਜਿਸ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਜਾਣ ਦਿੱਤਾ।