ਕਰਤਾਰਪੁਰ ਸਾਹਿਬ ਨੇ ਅਣਗਿਣਤ ਪਰਿਵਾਰਾਂ ਨੂੰ ਇੱਕ-ਦੂਜੇ ਨਾਲ ਮਿਲਵਾਇਆ ਹੈ। ਅਜਿਹੀ ਹੀ ਇਕ ਘਟਨਾ ਹੈ ਜਿਥੇ ਪਾਕਿਸਤਾਨ ਦੀ ਇਕ ਮੁਸਲਿਮ ਮਹਿਲਾ ਭਾਰਤ ਵਿਚ ਰਹਿਣ ਵਾਲੇ ਸਿੱਖ ਭਰਾ ਨਾਲ 75 ਸਾਲ ਬਾਅਦ ਮਿਲੀ। ਵੰਡ ਸਮੇਂ ਮੁਮਤਾਜ ਛੋਟੀ ਜਿਹੀ ਬੱਚੀ ਸੀ। ਹਿੰਸਾ ਸਮੇਂ ਹਿੰਸਕ ਭੀੜ ਨੇ ਉਨ੍ਹਾਂ ਦੀ ਮਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਇੱਕ ਜੋੜੇ ਨੇ ਉੁਥੇ ਪਹੁੰਚ ਕੇ ਉਸ ਨੂੰ ਆਪਣਾ ਨਾਂ ਦਿੱਤਾ।
ਮੁਹੰਮਦ ਇਕਬਾਲ ਤੇ ਉਨ੍ਹਾਂ ਦੀ ਪਤਨੀ ਅੱਲਾਹ ਰਾਖੀ ਨੇ ਰੋਂਦੀ ਹੋਈ ਬੱਚੀ ਨੂੰ ਅਪਣਾਇਆ ਅਤੇ ਉਸ ਨੂੰ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ। ਦੋਵਾਂ ਨੇ ਬੱਚੀ ਦਾ ਨਾਂ ਮੁਮਤਾਜ ਬੀਬੀ ਰੱਖਿਆ। ਇਕਬਾਲ ਆਪਣੀ ਪਤਨੀ ਤੇ ਧੀ ਨੂੰ ਲੈ ਕੇ ਵੰਡ ਤੋਂ ਬਾਅਦ ਸ਼ੇਖਪੁਰਾ ਜ਼ਿਲ੍ਹੇ ਦੇ ਵਰਿਕਾ ਤਿਆਨ ਪਿੰਡ ਵਿਚ ਵਸ ਗਏ।
ਇਕਬਾਲ ਤੇ ਉਸ ਦੀ ਪਤਨੀ ਮੁਮਤਾਜ ਨੂੰ ਕਦੇ ਇਹ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੀ ਬੱਚੀ ਨਹੀਂ ਹੈ। ਦੋ ਸਾਲ ਪਹਿਲਾਂ ਇਕਬਾਲ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਉਸ ਨੇ ਮੁਮਤਾਜ ਨੂੰ ਕਿਹਾ ਕਿ ਉਹ ਉਸ ਦੀ ਅਸਲੀ ਧੀ ਨਹੀਂ ਸੀ ਅਤੇ ਉਸ ਦਾ ਅਸਲੀ ਪਰਿਵਾਰ ਸਿੱਖ ਸੀ। ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ ਤੇ ਉਨ੍ਹਾਂ ਦੇ ਬੇਟੇ ਸ਼ਹਿਬਾਜ਼ ਨੇ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਦੇ ਪਰਿਵਾਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਮੁਮਤਾਜ ਦੇ ਅਸਲੀ ਪਿਤਾ ਦਾ ਨਾਂ ਅਤੇ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਨੂੰ ਜਾਣਦੇ ਸੀ ਜਿਥੇ ਉਹ ਆਪਣੇ ਜੱਦੀ ਘਰ ਨੂੰ ਛੱਡਣ ਲਈ ਮਜਬੂਰ ਹੋਣ ਤੋਂ ਬਾਅਦ ਵਸ ਗਏ ਸਨ। ਸੋਸ਼ਲ ਮੀਡੀਆ ਜ਼ਰੀਏ ਦੋਵੇਂ ਪਰਿਵਾਰ ਫਿਰ ਤੋਂ ਜੁੜ ਗਏ।
ਮੁਮਤਾਜ ਦੇ ਭਰਾ ਸ. ਗੁਰਮੀਤ ਸਿੰਘ, ਸ. ਨਰਿੰਦਰ ਸਿੰਘ, ਸ. ਅਮਰਿੰਦਰ ਸਿੰਘ ਪਰਿਵਾਰ ਦੇ ਮੈਂਬਰਾਂ ਨਾਲ ਕਰਤਾਰਪੁਰ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ। ਮੁਮਤਾਜ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਉਥੇ ਪਹੁੰਚੀ ਤੇ 75 ਸਾਲ ਬਾਅਦ ਆਪਣੇ ਵਿਛੜੇ ਭਰਾਵਾਂ ਨਾਲ ਮਿਲੀ।
ਵੀਡੀਓ ਲਈ ਕਲਿੱਕ ਕਰੋ -: