ਖੰਨਾ ਸਥਿਤ ਪਾਇਲ ਇਲਾਕੇ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੇ ਬਾਅਦ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗਣ ਦਿੱਤੀ। ਪੁਲਿਸ ਨੇ ਜਦੋਂ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆਈ।
ਪਾਇਲ ਥਾਣੇ ਵਿਚ 5 ਮੁਲਜ਼ਮ ਪਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਉਸ ਦੇ ਭਰਾ ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਤੇ ਪ੍ਰਦੀਪ ਸਿੰਘ ਖਿਲਾਫ ਹੱਤਿਆ ਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਾਇਲ ਦੇ ਕੱਦੋਂ ਰੋਡ ‘ਤੇ ਗੁਰੂ ਕ੍ਰਿਪਾ ਵਿਦਿਆਲਿਆ ਦੇ ਨਾਂ ਤੋਂ ਇਕ ਘਰ ਵਿਚ ਨਸ਼ਾ ਮੁਕਤੀ ਕੇਂਦਰ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਥੇ ਲਗਭਗ ਦੋ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਸੀ। ਇਸੇ ਕੇਂਦਰ ਵਿਚ ਲਗਭਗ 5 ਮਹੀਨੇ ਤੋਂ ਅੰਮ੍ਰਿਤਸਰ ਦਾ ਫਤਿਹ ਸਿੰਘ ਭਰਤੀ ਸੀ। ਕੇਂਦਰ ਵਿਚ ਭਰਤੀ ਨੌਜਵਾਨਾਂ ਨਾਲ ਅਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ। ਕੰਮ ਨਾ ਕਰਨ ‘ਤੇ ਮਾਰਕੁੱਟ ਕੀਤੀ ਜਾਂਦੀ ਸੀ।
21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਗਾਇਆ ਹੋਇਆ ਸੀ। ਅਮਨਦੀਪ ਹੌਲੀ-ਹੌਲੀ ਕੱਪੜੇ ਧੋ ਰਿਹਾ ਸੀ। ਇਸੇ ਕਾਰਨ ਉਕਤ ਮੁਲਜ਼ਮਾਂ ਨੇ ਹਾਲ ਦੇ ਅੰਦਰ ਅਮਨਦੀਪ ਨਾਲ ਬੁਰੀ ਤਰ੍ਹਾਂ ਤੋਂ ਮਾਰਕੁੱਟ ਕੀਤੀ। ਫਤਿਹ ਸਿੰਘ ਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡੰਡਿਆਂ ਨੂੰ ਬੇਰਹਿਮੀ ਨਾਲ ਕੁੱਟਿਆ। ਮਾਰਕੁੱਟ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਸੀ।
ਮੁਲਜ਼ਮ ਅਮਨਦੀਪ ਸਿੰਘ ਦੀ ਲਾਸ਼ ਨੂੰ ਚੁੱਕ ਕੇ ਬਾਹਰ ਲੈ ਗਏ ਤੇ ਕੇਂਦਰ ਵਿਚ ਭਰਤੀ ਹੋਰ ਨੌਜਵਾਨਾਂ ਨੂੰ ਤਾਲਾ ਲਗਾ ਦਿੱਤਾ। ਕੁਝ ਦਿਨ ਬਾਅਦ ਨਸ਼ਾ ਮੁਕਤੀ ਕੇਂਦਰ ਵਿਚ ਕਹਿਣ ਲੱਗੇ ਕਿ ਉਹ ਅਮਨਦੀਪ ਸਿੰਘ ਨੂੰ ਉਸ ਦੇ ਘਰ ਛੱਡ ਆਏ ਹਨ। 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ ਮੁਕਤੀ ਕੇਂਦਰ ਆਇਆ ਜਿਸ ਨੇ ਅਮਨਦੀਪ ਬਾਰੇ ਪੁੱਛਿਆ।
ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦੀ ਹੱਤਿਆ ਦੇ ਬਾਅਦ ਉਸ ਦੀ ਲਾਸ਼ ਨੂੰ ਮੁਲਜ਼ਮਾਂ ਨੇ ਖੁਰਦ-ਬੁਰਦ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਤਿਹ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਾਏ ਕਿ ਉਨ੍ਹਾਂ ਦੇ ਸਾਹਮਣੇ ਅਮਨਦੀਪ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕੀਤੀ ਗਈ। ਨਸ਼ਾ ਮੁਕਤੀ ਕੇਂਦਰ ਚਲਾਉਣ ਵਾਲੇ 2 ਲੋਕਾਂ ਸਣੇ 5 ਖਿਲਾਫ ਕੇਸ ਦਰਜ ਕੀਤਾ।
ਪਾਇਲ ਥਾਣਾ SHO ਵਿਨੋਦ ਕੁਮਾਰ ਨੇ ਕਿਹਾ ਕਿ 5 ਮੁਲਜ਼ਮਾਂ ਖਿਲਾਫ ਹੱਤਿਆ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: