ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਹਫ਼ਤੇ ਵਿੱਚ ਦੋ ਵਾਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿੰਨੇ ਭਾਰਤੀ ਮੂਲ ਦੇ ਲੋਕ ਯੂਕਰੇਨ ਵਿੱਚ ਹਨ, ਉਹ ਜਲਦੀ ਹੀ ਵਤਨ ਵਾਪਸੀ ਕਰ ਲਓ। ਯਾਨੀ ਯੂਕਰੇਨ ਵਿੱਚ ਖਤਰਾ ਵਧਦਾ ਜਾ ਰਿਹਾ ਹੈ ਪਰ ਯੂਕਰੇਨ ਵਿੱਚ ਇੱਕ ਅਜਿਹਾ ਵੀ ਭਾਰਤੀ ਹੈ, ਜੋ ਭਾਰਤ ਸਰਕਾਰ ਦੀ ਐਡਵਾਇਜ਼ਰੀ ਨਹੀਂ ਮੰਨ ਰਿਹਾ। ਉਨ੍ਹਾਂ ਕਹਿਣਾ ਹੈ ਕਿ ਕੋਈ ਯੂਕ੍ਰੇਨੀਅਨ ਭੁੱਖਾ ਨਾ ਸੌਂਵੇ। ਉਨ੍ਹਾਂ ਨੇ ਆਪਣੇ ਹੋਟਲ ਅਤੇ ਪੈਲੇਸ ਵਿੱਚ ਲੰਗਰ ਲਾ ਦਿੱਤਾ ਹੈ, ਜਿਥੇ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਲੋਕ ਮੁਫਤ ਵਿੱਚ ਖਾਣਾ ਖਾ ਰਹੇ ਹਨ।
ਦਿੱਲੀ ਦੇ ਹਰੀਨਗਰ ਦੇ ਰਹਿਣ ਵਾਲੇ ਕੁਲਦੀਪ ਕੁਮਾਰ 28 ਸਾਲ ਪਹਿਲਾਂ ਯੂਕਰੇਨ ਗਏ ਸਨ, ਉੱਥੇ ਜਾ ਕੇ ਉਨ੍ਹਾਂ ਨੇ ਕੱਪੜੇ ਦੀ ਦੁਕਾਨ ‘ਤੇ ਕੰਮ ਕੀਤਾ ਅਤੇ ਬਾਅਦ ‘ਚ ਆਪਣਾ ਰੈਸਟੋਰੈਂਟ ਅਤੇ ਪੈਲੇਸ ਤਿਆਰ ਕੀਤਾ। ਅੱਜ ਉਨ੍ਹਾਂ ਦਾ ਨਾਂ ਯੂਕਰੇਨ ਵਿੱਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕੁਲਦੀਪ ਕੁਮਾਰ ਨੇ ਕਿਹਾ ਕਿ ਯੂਕਰੇਨ ਨੇ ਬਹੁਤ ਕੁਝ ਦਿੱਤਾ ਹੈ, ਹੁਣ ਯੂਕਰੇਨ ਮਾੜੇ ਸਮੇਂ ਵਿੱਚ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਸਾਥ ਦੇਈਏ ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ 28 ਸਾਲ ਪਹਿਲਾਂ ਮੈਨੂੰ ਅਪਣਾਇਆ ਸੀ।
ਯੂਕਰੇਨ ਵਿੱਚ ਲੋਕ ਹੁਣ ਧਮਾਕਿਆਂ ਦੀ ਆਵਾਜ਼ ਸੁਣਦੇ ਹਨ, ਫਿਰ ਸਬਵੇਅ ਸਟੇਸ਼ਨਾਂ, ਬੰਕਰਾਂ ਵੱਲ ਭੱਜਦੇ ਹਨ ਜਾਂ ਘਰ ਦੇ ਬੇਸਮੈਂਟ ਵਿੱਚ ਪਨਾਹ ਲੈਂਦੇ ਹਨ। ਇਸ ਤਰ੍ਹਾਂ ਜੰਗਪੀੜਤ ਯੂਕਰੇਨ ਦੀ ਰਾਜਧਾਨੀ ਕੀਵ ਦੇ ਨਿਵਾਸੀ ਆਪਣੀ ਰੋਜ਼ਾਨਾ ਜ਼ਿੰਦਗੀ ਜੀਉਂਦੇ ਹਨ। ਵੱਡੀ ਗਿਣਤੀ ਵਿਚ ਲੋਕ ਰੂਸੀ ਸਰਹੱਦ ਤੋਂ ਕੀਵ ਵੱਲ ਭੱਜ ਗਏ ਹਨ। ਰੂਸੀ ਹਮਲੇ ਨਾਲ ਤਬਾਹ ਹੋਏ ਇਨ੍ਹਾਂ ਯੂਕਰੇਨੀਆਂ ਨੂੰ ਭੋਜਨ ਨਹੀਂ ਮਿਲ ਰਿਹਾ ਹੈ।
ਨਤੀਜੇ ਵਜੋਂ ਉਨ੍ਹਾਂ ਨੂੰ ਕੀਵ ਆਉਣ ਤੋਂ ਬਾਅਦ ਵੀ ਭੁੱਖਾ ਰਹਿਣਾ ਪੈਂਦਾ ਹੈ। ਖੁੱਲ੍ਹੇ ਅਸਮਾਨ ਹੇਠ ਰਾਤ ਕੱਟਣੀ ਪੈਂਦੀ ਹੈ। ਇਸ ਗੰਭੀਰ ਸਥਿਤੀ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਮਾਲਕ ਕੁਲਦੀਪ ਕੁਮਾਰ ਨੇ ਉਨ੍ਹਾਂ ਨੂੰ ਅਪਣਾਇਆ ਹੈ। ਉਨ੍ਹਾਂ ਨੇ ਆਪਣੇ ਰੈਸਟੋਰੈਂਟ ਵਿੱਚ ਲੰਗਰ ਸ਼ੁਰੂ ਕੀਤਾ। ਉਨ੍ਹਾਂ ਦਾ ਕੀਵ ਵਿੱਚ ਨਿਊ ਬਾਂਬੇ ਪਲੇਸ ਨਾਮ ਦਾ ਇੱਕ ਰੈਸਟੋਰੈਂਟ ਹੈ। ਉਨ੍ਹਾਂ ਨੇ ਰੈਸਟੋਰੈਂਟ ‘ਚ ਮੁਫਤ ਖਾਣਾ ਵੰਡਣਾ ਸ਼ੁਰੂ ਕੀਤਾ, ਇਸ ਲਈ ਸ਼ੁਰੂ ‘ਚ ਸਿਰਫ 100 ਦੇ ਕਰੀਬ ਲੋਕ ਹੀ ਖਾਣਾ ਖਾਣ ਆਉਂਦੇ ਸਨ ਪਰ ਹੁਣ ਇਹ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ।
ਕੁਲਦੀਪ ਨੇ ਕਿਹਾ ਕਿ ਜਿੰਨਾ ਮਰਜ਼ੀ ਖ਼ਤਰਾ ਕਿਉਂ ਨਾ ਹੋਵੇ, ਉਹ ਯੂਕਰੇਨ ਛੱਡਣ ਵਾਲੇ ਨਹੀਂ, ਇੱਥੋਂ ਦੇ ਲੋਕਾਂ ਦਾ ਦਰਦ ਹੈ। ਲੰਗਰ ਬਾਰੇ ਕੁਲਦੀਪ ਨੇ ਦੱਸਿਆ ਕਿ ਇਹ ਸੇਵਾ ਪਹਿਲਾਂ ਭਾਰਤੀ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਆਪਣਾ ਪਲਾਨ ਬਦਲਣਾ ਪਿਆ।
ਇਹ ਵੀ ਪੜ੍ਹੋ : 7 ਮਹੀਨਿਆਂ ਤੋਂ ਬੇਹੋਸ਼ ਔਰਤ ਨੇ AIIMS ‘ਚ ਦਿੱਤਾ ਬੱਚੀ ਨੂੰ ਜਨਮ, ਨੌਕਰੀ ਛੱਡ ਸੇਵਾ ਕਰ ਰਿਹੈ ਮਜਬੂਰ ਪਤੀ
ਹੁਣ ਇੱਥੇ ਉਸ ਤਰ੍ਹਾਂ ਕੋਈ ਭਾਰਤੀ ਵਿਦਿਆਰਥੀ ਨਹੀਂ ਹੈ ਪਰ ਜਿਵੇਂ-ਜਿਵੇਂ ਰੂਸ ਆਪਣੇ ਹਮਲੇ ਵਧਾ ਰਿਹਾ ਹੈ, ਮੈਂ ਹਰ ਰੋਜ਼ ਬਹੁਤ ਸਾਰੇ ਯੂਕਰੇਨੀਆਂ ਨੂੰ ਭੁੱਖੇ ਮਰਦੇ ਦੇਖਦਾ ਹਾਂ। ਇਸ ਲਈ ਮੈਂ ਰੈਸਟੋਰੈਂਟ ਵਿੱਚ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ। ਵਧਦੇ ਹਮਲਿਆਂ ਦੌਰਾਨ ਕੁਲਦੀਪ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰੈਸਟੋਰੈਂਟ ਬੰਦ ਕਰਕੇ ਭਾਰਤ ਪਰਤਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ।
ਕੁਲਦੀਪ ਨੇ ਕਿਹਾ ਕਿ ਭਾਰਤ ਦੀ ਪਰੰਪਰਾ ਦੱਬੇ-ਕੁਚਲੇ ਲੋਕਾਂ ਨਾਲ ਖੜ੍ਹਨ ਦੀ ਹੈ। ਜੰਗ ਕਿਉਂ ਚੱਲ ਰਹੀ ਹੈ, ਕੌਣ ਸਹੀ ਹੈ ਜਾਂ ਕੌਣ ਗਲਤ ਹੈ, ਇਸ ਬਾਰੇ ਚਿੰਤਾ ਕਰਨ ਦਾ ਸਮਾਂ ਨਹੀਂ ਹੈ। ਮੈਂ ਉਨ੍ਹਾਂ ਲੋਕਾਂ ਦੇ ਮੂੰਹ ਵਿੱਚ ਖਾਣਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਖਾਣੇ ਬਗੈਰ ਮਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: