ਲੁਧਿਆਣਾ : ਪੰਜਾਬ ਦੇ ਆਬਕਾਰੀ ਤੇ ਕਰ, ਵਿੱਤ, ਯੋਜਨਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸ਼ਰਾਬ ਮਾਫੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਆਬਕਾਰੀ ਵਿਭਾਗ ਲੁਧਿਆਣਾ ਦੀਆਂ ਵੱਖ-ਵੱਖ ਟੀਮਾਂ ਨੇ ਐਤਵਾਰ ਨੂੰ 12 ਪੇਟੀਆਂ ਗੈਰ-ਕਾਨੂੰਨੀ ਵਿਸਕੀ ਜ਼ਬਤ ਕੀਤੀਆਂ। ਵੱਖ-ਵੱਖ ਘਟਨਾਵਾਂ ‘ਚ 700 ਬੋਤਲਾਂ ਬੀਅਰ ਅਤੇ 12 ਬੋਤਲਾਂ ਫਸਟ ਚੁਆਇਸ ਮਾਰਕਾ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡੀਸੀ (ਐਕਸ) ਸ਼ਾਲਿਨ ਆਹਲੂਵਾਲੀਆ ਦੀ ਅਗਵਾਈ ਅਤੇ ਏਸੀ (ਐਕਸ) ਈਸਟ ਸੁਨੀਤਾ ਜਗਪਾਲ, ਆਬਕਾਰੀ ਇੰਸਪੈਕਟਰ ਗੋਪਾਲ ਸ਼ਰਮਾ, ਵਰਿੰਦਰ ਸਿੰਘ, ਏਐਸਆਈ ਵਿਨੋਦ ਕੁਮਾਰ, ਆਬਕਾਰੀ ਪੁਲਿਸ ਸਟਾਫ਼ ਅਤੇ ਸੀਆਈਏ-2, ਲੁਧਿਆਣਾ ਦੇ ਏਐਸਆਈ ਰਣਧੀਰ ਸਿੰਘ ਅਤੇ ਸੇਠੀ ਰਾਮ ਈਓ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਫੋਰਟਿਸ ਹਸਪਤਾਲ ਨੇੜੇ ਚੰਡੀਗੜ੍ਹ ਰੋਡ ‘ਤੇ ਇੱਕ ਸਾਂਝਾ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ।
ਟੀਮ ਨੇ ਸਵਿਫਟ ਡਿਜ਼ਾਇਰ (PB-91H-9816) ਨੂੰ ਰੋਕ ਕੇ ਪੀਐੱਮਐੱਲ ਸੰਤਰਾ ਬ੍ਰਾਂਡ ਦੇ ਅੱਠ ਕੇਸ, 555 ਵਿਸਕੀ ਦੇ ਦੋ ਕੇਸ ਅਤੇ ਇੰਪੀਰੀਅਲ ਬਲੂ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਦਾ ਇੱਕ ਕੇਸ ਜ਼ਬਤ ਕੀਤਾ। ਐਫਆਈਆਰ ਦਰਜ ਕਰ ਲਈ ਗਈ ਅਤੇ ਕਾਰ ਸਵਾਰ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਮਾਮਲੇ ਵਿੱਚ, ਨਿਊ ਸਰਪੰਚ ਕਲੋਨੀ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੋਂ ਟੀਮ ਨੇ ਓਮ ਪ੍ਰਕਾਸ਼ ਦੇ ਘਰੋਂ ਇੰਪੀਰੀਅਲ ਬਲੂ ਵਿਸਕੀ (ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ) ਅਤੇ ਬੀਅਰ ਮਾਰਕਾ ਬੀ ਯੰਗ ਦੀਆਂ 700 ਬੋਤਲਾਂ ਬਰਾਮਦ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਟੀਮ ਨੇ ਕਮਲੇਸ਼ ਨਾਂ ਦੇ ਇਕ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਪਰ ਘਰ ਦਾ ਮਾਲਕ ਓਮ ਪ੍ਰਕਾਸ਼ ਮੌਕੇ ‘ਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਫਰਾਰ ਓਮ ਪ੍ਰਕਾਸ਼ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ। ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ ਵੱਲੋਂ ਹੋਰ ਸਟਾਫ਼ ਨਾਲ ਰਤਨਹੇੜੀ ਰੇਲਵੇ ਕਰਾਸਿੰਗ ਨੇੜੇ ਝੁੱਗੀ-ਝੌਂਪੜੀ ਵਿੱਚ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਟੀਮ ਨੇ ਫਸਟ ਚੁਆਇਸ ਦੀਆਂ 12 ਬੋਤਲਾਂ (ਹਰਿਆਣਾ ਵਿੱਚ ਵਿਕਰੀ ਲਈ) ਜ਼ਬਤ ਕੀਤੀਆਂ ਅਤੇ ਰਤਨਹੇੜੀ ਦੇ ਰਹਿਣ ਵਾਲੇ ਸ਼ਿਵ ਕੁਮਾਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ, ਜਿਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਨਜਾਇਜ਼ ਸ਼ਰਾਬ ਵਿਰੁੱਧ ਸ਼ਿਕੰਜਾ ਕਸਿਆ ਜਾਵੇਗਾ ਅਤੇ ਇਸ ਧੰਦੇ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।