20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ‘ਆਪ’ ਦੇ CM ਫੇਸ ਅਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਅੱਜ ਭਦੌੜ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ। ਉਥੇ ਉਨ੍ਹਾਂ ਪਾਰਟੀ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਦੌੜ ਤੋਂ ਕਾਂਗਰਸ ਪਾਰਟੀ ਦਾ ਕਰੋੜਪਤੀ ਗਰੀਬ ਬੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਿਹਾ ਹੈ ਤੇ ਉਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਆਮ ਘਰ ਦੇ ਮੁੰਡੇ ਲਾਭ ਸਿੰਘ ਉਗੋਕੇ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ। ਮਾਨ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਭਦੌੜ ਵਾਲੇ ਆਪਣੇ ਪੁੱਤ ਲਾਭ ਸਿੰਘ ਉਗੋਕੇ ਨੂੰ ਹੀ ਜਿਤਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਗਰੀਬ ਕਰੋੜਪਤੀ ਦੋਵੇਂ ਸੀਟਾਂ ਤੋਂ ਹਾਰੇਗਾ।
ਉਨ੍ਹਾਂ ਕਿਹਾ ਕਿ ਭਦੌੜ ਵਿਧਾਨ ਸਭਾ ਹਲਕੇ ‘ਤੇ ਦੁਨੀਆਂ ਦੀਆਂ ਨਜ਼ਰਾਂ ਹਨ। ਭਦੌੜ ਕ੍ਰਾਂਤੀਕਾਰੀਆਂ ਦੀ ਧਰਤੀ ਹੈ, ਇੱਥੋਂ ਬਲਵੰਤ ਗਾਰਗੀ ਜਿਹੇ ਮਹਾਂਰਥੀ ਪੈਦਾ ਹੋਏ ਹਨ। 20 ਤਰੀਕ ਨੂੰ ਭਦੌੜ ਵਾਲਿਆਂ ਨੇ ਲਾਭ ਸਿੰਘ ਉਗੋਕੇ ਨੂੰ ਜਿੱਤਾ ਕੇ ਕਰਾਂਤੀ ਲਿਆਉਣੀ ਹੈ। ਮਾਨ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਆਗੂ ਵਾਰੀ-ਵਾਰੀ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਇਨ੍ਹਾਂ ਰਿਵਾਇਤੀ ਸਿਆਸੀ ਪਾਰਟੀਆਂ ਦੀ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਦਾਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਬਦਲਾਅ ਚਾਹੁੰਦੀ ਹੈ ਤੇ 20 ਫਰਵਰੀ ਨੂੰ ਪੰਜਾਬ ਦੇ ਲੋਕਾਂ ਕੋਲ ਸਰਕਾਰ ਬਦਲਣ ਦਾ ਸੁਨਿਹਰੀ ਮੌਕਾ ਹੈ। ਮੇਰੀ ਅਪੀਲ ਹੈ ਕਿ ਸਾਰੇ ਵੋਟਰ ਆਪਣੀਆਂ ਕੀਮਤੀ ਵੋਟਾਂ ਝਾੜੂ ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੂੰ ਜਿਤਾਉਣਗੇ ਤਾਂ ਜੋ ਪੰਜਾਬ ਵਿਚ ਇੱਕ ਈਮਾਨਦਾਰ ਤੇ ਲੋਕ ਹਿਤੈਸ਼ੀ ਸਰਕਾਰ ਬਣ ਸਕੇ।
ਵੀਡੀਓ ਲਈ ਕਲਿੱਕ ਕਰੋ -: