ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਸਬੂਤ ਇਕੱਠੇ ਕਰਨ ਲਈ ਕਾਨਪੁਰ ਦੇ ਇੱਕ ਘਰ ਦਾ ਤਾਲਾ ਤੋੜ ਦਿੱਤਾ। ਇਨ੍ਹਾਂ ਸਬੂਤਾਂ ਵਿੱਚ ਮਨੁੱਖੀ ਅਵਸ਼ੇਸ਼ ਵੀ ਸ਼ਾਮਲ ਹਨ। 1 ਨਵੰਬਰ 1984 ਨੂੰ ਕਾਨਪੁਰ ਦੇ ਗੋਵਿੰਦ ਨਗਰ ਇਲਾਕੇ ਵਿੱਚ ਕਾਰੋਬਾਰੀ ਤੇਜ ਪ੍ਰਤਾਪ ਸਿੰਘ (45) ਅਤੇ ਪੁੱਤਰ ਸਤਪਾਲ ਸਿੰਘ (22) ਦੀ ਹੱਤਿਆ ਕਰ ਦਿੱਤੀ ਗਈ ਸੀ।
ਉਨ੍ਹਾਂ ਦੀਆਂ ਲਾਸ਼ਾਂ ਇੱਕ ਕਮਰੇ ਵਿੱਚ ਸੜ ਗਈਆਂ ਸਨ। ਪਰਿਵਾਰ ਦੇ ਬਚੇ ਹੋਏ ਲੋਕ ਉੱਥੋਂ ਭੱਜ ਗਏ ਅਤੇ ਕੁਝ ਦਿਨ ਸ਼ਰਨਾਰਥੀ ਕੈਂਪ ਵਿੱਚ ਰਹੇ, ਫਿਰ ਪੰਜਾਬ ਅਤੇ ਦਿੱਲੀ ਵਿੱਚ ਜਾਕੇ ਵਸ ਗਏ। ਜਿਨ੍ਹਾਂ ਲੋਕਾਂ ਨੇ ਨਵਾਂ ਘਰ ਖਰੀਦਿਆ ਉਹ ਕਦੇ ਵੀ ਉਨ੍ਹਾਂ ਕਮਰਿਆਂ ਵਿੱਚ ਨਹੀਂ ਗਏ ਜਿੱਥੇ ਕਤਲ ਹੋਏ ਸਨ। ਐਸਆਈਟੀ ਜਾਂਚ ਨੇ ਉਸ ਨੂੰ ਲਗਭਗ ਇਸ ਤਰ੍ਹਾਂ ਪਾਇਆ ਜਿਵੇਂ ਕਿਸੇ ਨੇ ਉਸ ਨੂੰ ਛੂਹਿਆ ਹੀ ਨਾ ਹੋਵੇ।
ਤੁਹਾਨੂੰ ਦੱਸ ਦੇਈਏ ਕਿ 1984 ਵਿੱਚ ਦਿੱਲੀ ਤੋਂ ਬਾਅਦ ਕਾਨਪੁਰ ਵਿੱਚ ਸਭ ਤੋਂ ਭਿਆਨਕ ਦੰਗੇ ਹੋਏ ਸਨ, ਜਿਸ ਵਿੱਚ 127 ਲੋਕਾਂ ਦੀ ਮੌਤ ਹੋ ਗਈ ਸੀ। ਯੋਗੀ ਸਰਕਾਰ ਦੁਆਰਾ ਬਣਾਈ ਗਈ ਇਹ ਪਹਿਲੀ ਐਸਆਈਟੀ ਹੈ ਜੋ ਉੱਤਰ ਪ੍ਰਦੇਸ਼ ਵਿੱਚ 1984 ਦੇ ਸਿੱਖਾਂ ਵਿਰੁੱਧ ਹਿੰਸਾ ਦੀ ਜਾਂਚ ਕਰ ਰਹੀ ਹੈ। ਤੇਜ ਸਿੰਘ ਦੀ ਪਤਨੀ, ਪੁੱਤਰ ਅਤੇ ਨੂੰਹ ਦੇ ਜਾਣ ਤੋਂ ਬਾਅਦ ਘਰ ਵਿੱਚ ਲੁੱਟ-ਖੋਹ ਕੀਤੀ ਗਈ ਅਤੇ ਫਿਰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 396 (ਕਤਲ ਦੇ ਨਾਲ ਡਕੈਤੀ), 436 (ਘਰ ਨੂੰ ਤਬਾਹ ਕਰਨ ਦਾ ਇਰਾਦਾ) ਅਤੇ 201 (ਸਬੂਤਾਂ ਦਾ ਨਸ਼ਟ ਕਰਨ) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।
ਮੰਗਲਵਾਰ ਨੂੰ, ਐਸਆਈਟੀ, ਫੋਰੈਂਸਿਕ ਟੀਮ ਦੇ ਨਾਲ ਤੇਜ ਸਿੰਘ ਦੇ ਪਹਿਲੇ ਘਰ ਵਿੱਚ ਦਾਖਲ ਹੋਈ। ਇਸ ਦੌਰਾਨ ਘਟਨਾ ਦਾ ਇੱਕ ਚਸ਼ਮਦੀਦ ਗਵਾਹ ਵੀ ਮੌਜੂਦ ਸੀ, ਜੋ ਕਿ ਉਸੇ ਇਲਾਕੇ ਵਿੱਚ ਰਹਿੰਦਾ ਹੈ। ਐਸਆਈਟੀ ਦੇ ਮੈਂਬਰ ਐਸਪੀ ਬਾਲੇਂਦੂ ਭੂਸ਼ਨ ਨੇ ਦੱਸਿਆ ਕਿ ਇਕੱਤਰ ਕੀਤੇ ਨਮੂਨੇ ਕੁਝ ਮਨੁੱਖੀ ਅਵਸ਼ੇਸ਼ਾਂ ਦੇ ਜਾਪਦੇ ਹਨ। ਉਸ ਨੇ ਕਿਹਾ ਕਿ ਅਸੀਂ ਵੇਖਿਆ ਕਿ ਅਪਰਾਧ ਦੇ ਸਥਾਨ ਨਾਲ ਕੋਈ ਛੇੜਛਾੜ ਨਹੀਂ ਹੋਈ, ਇਸ ਲਈ ਅਸੀਂ ਫੋਰੈਂਸਿਕ ਟੀਮ ਨੂੰ ਬੁਲਾਇਆ, ਜਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਕਤਲ ਇਸ ਜਗ੍ਹਾ ‘ਤੇ ਹੀ ਕੀਤੇ ਗਏ ਸਨ।
ਉਸ ਨੇ ਕਿਹਾ ਕਿ ਘਰ ਦੇ ਨਵੇਂ ਮਾਲਕ ਪਹਿਲੀ ਮੰਜ਼ਿਲ ‘ਤੇ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਜ਼ਮੀਨੀ ਮੰਜ਼ਿਲ ‘ਤੇ ਕਮਰੇ ਹਮੇਸ਼ਾ ਬੰਦ ਰੱਖੇ ਗਏ ਸਨ, ਇੱਥੋਂ ਤੱਕ ਕਿ ਉਨ੍ਹਾਂ ਨੂੰ ਕਦੇ ਵੀ ਸਫਾਈ ਲਈ ਨਹੀਂ ਖੋਲ੍ਹਿਆ ਗਿਆ ਸੀ।
ਬੁੱਧਵਾਰ ਨੂੰ ਐਸਆਈਟੀ ਨੇ ਤੇਜ ਸਿੰਘ ਦੇ ਜਿਊਂਦੇ ਪੁੱਤਰ ਚਰਨਜੀਤ ਸਿੰਘ ਦਾ ਬਿਆਨ ਵੀ ਦਰਜ ਕੀਤਾ, ਜੋ ਹੁਣ 61 ਸਾਲ ਦਾ ਹੈ। ਇਸ ਘਟਨਾ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਮਾਂ ਨਾਲ ਦਿੱਲੀ ਚਲੇ ਗਏ। ਤੇਜ ਸਿੰਘ ਦੀ ਪਤਨੀ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਐਸਪੀ ਬਲੇਂਦੂ ਭੂਸ਼ਨ ਨੇ ਦੱਸਿਆ ਕਿ ਚਰਨਜੀਤ ਸਿੰਘ ਨੇ ਇਸ ਘਟਨਾ ਨੂੰ ਲੁਕ ਕੇ ਦੇਖਿਆ ਸੀ। ਉਨ੍ਹਾਂ ਇਸ ਵਿੱਚ ਸ਼ਾਮਲ ਲੋਕਾਂ ਦੇ ਨਾਂ ਵੀ ਦੱਸੇ।
ਐਸਆਈਟੀ ਦੇ ਅਨੁਸਾਰ 1 ਨਵੰਬਰ 1984 ਨੂੰ ਭੀੜ ਤੇਜ ਸਿੰਘ ਦੇ ਘਰ ਵਿੱਚ ਦਾਖਲ ਹੋਈ। ਪਰਿਵਾਰ ਦੇ ਹੋਰ ਮੈਂਬਰ ਲੁਕ ਗਏ। ਭੀੜ ਨੇ ਤੇਜ ਸਿੰਘ ਅਤੇ ਸਤਪਾਲ ਸਿੰਘ ਨੂੰ ਫੜ ਲਿਆ, ਦੋਵਾਂ ਨੂੰ ਮਾਰਨ ਤੋਂ ਬਾਅਦ, ਭੀੜ ਨੇ ਘਰ ਵਿੱਚ ਬਹੁਤ ਲੁੱਟਮਾਰ ਅਤੇ ਤੋੜਫੋੜ ਕੀਤੀ ਸੀ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਓਲੰਪਿਕ ਖਿਡਾਰੀਆਂ ਦਾ ਸਨਮਾਨ : ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ DSP ਤੋਂ ਬਣੇ SP
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਇਸ ਸਾਲ ਜਨਵਰੀ ਵਿੱਚ, ਐਸਆਈਟੀ ਨੇ ਕਾਨਪੁਰ ਦੇ ਨੌਬਸਤਾ ਇਲਾਕੇ ਦੇ ਇੱਕ ਘਰ ਤੋਂ ਖੂਨ ਦੇ ਨਮੂਨੇ ਅਤੇ ਅੱਗ ਲਗਾਉਣ ਦੇ ਸਬੂਤ ਇਕੱਠੇ ਕੀਤੇ ਸਨ, ਜਿੱਥੇ ਸਰਦੂਲ ਸਿੰਘ ਅਤੇ ਉਸਦੇ ਇੱਕ ਰਿਸ਼ਤੇਦਾਰ ਗੁਰਦਿਆਲ ਸਿੰਘ ਦੀ ਹੱਤਿਆ ਕੀਤੀ ਗਈ ਸੀ। ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ ਗਈ। ਇੱਥੇ ਵੀ, ਘਟਨਾ ਤੋਂ ਬਾਅਦ ਪਰਿਵਾਰ ਉਸੇ ਹਾਲਤ ਵਿੱਚ ਘਰ ਨੂੰ ਤਾਲਾ ਲਗਾ ਕੇ ਚਲਾ ਗਿਆ ਸੀ।