ਤਾਮਿਲਨਾਡੂ ਦੇ ਕੁਨੂਰ ਵਿਚ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿਚ ਸ਼ਹੀਦ ਹੋਏ ਗੁਰਸੇਵਕ ਸਿੰਘ ਦਾ ਅੱਜ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਗੁਰਸੇਵਕ ਦੇ 4 ਸਾਲਾ ਪੁੱਤਰ ਗੁਰਫਤਿਹ ਨੇ ਪਿਤਾ ਨੂੰ ਆਰਮੀ ਦੀ ਡ੍ਰੈੱਸ ਪਾ ਕੇ ਸੈਲਿਊਟ ਕੀਤਾ। ਗੁਰਫਤਿਹ ਨੂੰ ਇਹ ਯੂਨੀਫਾਰਮ ਸ਼ਹੀਦ ਪਿਤਾ ਨੇ ਡੇਢ ਮਹੀਨਾ ਪਹਿਲਾਂ ਲਿਆ ਕੇ ਦਿੱਤੀ ਸੀ, ਜਦੋਂ ਉਹ ਛੁੱਟੀ ‘ਤੇ ਆਏ ਸੀ।
ਜਿਵੇਂ ਹੀ ਸ਼ਹੀਦ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਹਾਲ ਦੇਖ ਕੇ ਸਾਰੇ ਪਿੰਡ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸ਼ਹੀਦ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਭਰਾ ਦਾ ਚਿਹਰਾ ਆਖਰੀ ਵਾਰ ਦੇਖਣਾ ਚਾਹੁੰਦੇ ਸੀ ਪਰ ਅਧਿਕਾਰੀਆਂ ਨੇ ਪ੍ਰੋਟੋਕਾਲ ਦਾ ਹਵਾਲਾ ਦਿੰਦਿਆਂ ਚਿਹਰਾ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ।
ਸ਼ਹੀਦ ਗੁਰਸੇਵਕ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਫੁਰਸਤ ਮਿਲਦਿਆਂ ਹੀ ਸਾਨੂੰ ਫੋਨ ਕਰਦੇ ਸਨ ਤੇ ਕੀ ਵਾਰ ਤਾਂ ਇੱਕ ਦਿਨ ਵਿਚ ਹੀ ਕਈ ਫੋਨ ਆ ਜਾਂਦੇ ਸਨ। ਉਸ ਨੇ ਕਿਹਾ ਕਿ ਪਤੀ ਦੇ ਚਲੇ ਜਾਣ ਦਾ ਗਮ ਤਾਂ ਹੈ ਪਰ ਨਾਲ ਹੀ ਉਸ ਤੋਂ ਜ਼ਿਆਦਾ ਉਨ੍ਹਾਂ ਦੀ ਸ਼ਹਾਦਤ ‘ਤੇ ਗਰਵ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਸ ਤੋਂ ਵੱਡੀ ਗੱਲ ਹੋਰ ਕੀ ਹੋਵੇਗੀ ਕਿ ਮੇਰੇ ਪਤੀ ਦੇਸ਼ ਦੇ ਪਹਿਲੇ ਸੀ. ਡੀ. ਐੱਸ. ਦੀ ਸੁਰੱਖਿਆ ਕਰਦੇ ਸਨ ਤੇ ਆਪਣਾ ਫਰਜ਼ ਨਿਭਾਉਂਦਿਆਂ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ।
ਸ਼ਹੀਦ ਗੁਰਸੇਵਕ ਅਜੇ ਡੇਢ ਮਹੀਨਾ ਪਹਿਲਾਂ ਹੀ ਛੁੱਟੀ ‘ਤੇ ਘਰ ਆਇਆ ਸੀ ਤੇ 14 ਨਵੰਬਰ ਨੂੰ ਮੁੜ ਡਿਊਟੀ ਜੁਆਇਨ ਕੀਤੀ ਸੀ। ਗੁਰਸੇਵਕ ਆਪਣੇ ਪਿੱਛੇ ਪਤਨੀ, ਦੋ ਧੀਆਂ ਸਿਮਰਨ (9 ਸਾਲ), ਗੁਰਲੀਨ (7 ਸਾਲ) ਤੇ ਬੇਟਾ ਫਤਿਹ ਸਿੰਘ (3 ਸਾਲ) ਛੱਡ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: