ਕੈਬਨਿਟ ਮੰਤਰੀ ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤਣ ਵਾਲੇ ਅਰਜੁਨ ਬਬੂਟਾ ਦੀ ਮੁਹਾਲੀ ਦੇ ਫੇਜ਼ 11 ਸਥਿਤ ਰਿਹਾਇਸ਼ ਵਿਖੇ ਪੁੱਜੇ ਤੇ ਉਨ੍ਹਾਂ ਨੂੰ ਮੁਬਾਰਾਕਬਾਦ ਦਿੱਤੀ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਰਜੁਨ ਬਬੂਟਾ ਨੇ ਸੋਨ ਤਮਗਾ ਹਾਸਲ ਕਰਕੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਹੋਰ ਖਿਡਾਰੀ ਵੀ ਉਤਸ਼ਾਹਿਤ ਹੋਣਗੇ। ਇਸ ਮੌਕੇ ਮੰਤਰੀ ਹੇਅ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਮੌਜੂਦਾ ਖੇਡ ਨੀਤੀ ਵਿੱਚ ਕਈ ਤਬਦੀਲੀਆਂ ਕਰ ਕੇ ਨਵੀਂ ਵਿਆਪਕ ਖੇਡ ਨੀਤੀ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣ ਸਕੇ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣੀ ਯਕੀਨੀ ਬਣਾਈ ਜਾਵੇਗੀ।
MLA ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਅਰਜੁਨ ਨੇ ਜਲਾਲਾਬਾਦ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਬੂਟਾ ਪਰਿਵਾਰ ਜੱਦੀ ਤੌਰ ਉਤੇ ਜਲਾਲਾਬਾਦ ਸ਼ਹਿਰ ਦਾ ਰਹਿਣ ਵਾਲਾ ਹੈ। ਇਸ ਮੌਕੇ ਅਰਜੁਨ ਦੇ ਪਿਤਾ ਨੀਰਜ ਬਬੂਟਾ ਤੇ ਮਾਤਾ ਦੀਪਤੀ ਬਬੂਟਾ ਨੇ ਖੇਡ ਮੰਤਰੀ ਦਾ ਘਰ ਆ ਕੇ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: