ਐੱਸ. ਏ. ਐੱਸ. ਨਗਰ ਪੁਲਿਸ ਤੇ ਏਜੀਟੀਐੱਫ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਖੁਲਾਸਾ ਕੀਤਾ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਗਗਨਦੀਪ ਸਿੰਘ ਉਰਫ ਗਾਗੀ ਪੁੱਤਰ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡਾਂ ਕਿੰਗਰਾ, ਡਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਦਾਰਾ ਸਟੂਡੀਓ, ਜੁਝਾਰ ਨਗਰ, ਮੋਹਾਲੀ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 32 ਕੈਲੀਬਰ ਦੀਆਂ ਦੋ ਪਿਸਤੌਲਾਂ, 8 ਜ਼ਿੰਦਾ ਕਾਰਤੂਸ ਤੇ ਇਕ ਸਕਾਰਪੀਓ ਵਾਹਨ ਕਾਰ ਬਰਾਮਦ ਕੀਤੀ ਗਈ ਹੈ।
ਵਿਵੇਕਸ਼ੀਲ ਸੋਨੀ ਨੇ ਅੱਗੇ ਕਿਹਾ ਕਿ ਗਗਨਦੀਪ ਉਰਫ ਗਾਗੀ ਤੇ ਗੁਰਪ੍ਰੀਤ ਉਰਫ ਗੋਪੀ ਕੈਨੇਡਾ ਬੇਸਟ ਗੈਂਗਸਟਰ ਗੋਲਡੀ ਬਰਾੜ ਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਜ਼ਰੀਏ ਲਗਾਤਾਰ ਸੰਪਰਕ ਵਿਚ ਹਨ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਵਿਚ ਹਮਲਵਾਰਾਂ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਾਈ ਸੀ। ਹੁਣੇ ਜਿਹੇ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਦੋਸ਼ੀ ਗੋਲਡੀ ਬਰਾੜ ਦੇ ਨਿਰਦੇਸ਼ ‘ਤੇ ਕੰਮ ਕਰ ਰਹੇ ਸਨ ਤੇ ਪੰਜਾਬ ਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿਚ ਸ਼ਾਮਲ ਸਨ ਅਤੇ ਇਸ ਨੂੰ ਵਿਦੇਸ਼ ਸਥਿਤ ਹੈਂਡਲਰ ਗੋਲਡੀ ਬਰਾੜ ਦੇ ਨਿਰਦੇਸ਼ ‘ਤੇ ਨਿਸ਼ਾਨੇਬਾਜ਼ਾਂ ਤੱਕ ਪਹੁੰਚਾਉਂਦੇ ਸਨ।
ਸੋਨੀ ਨੇ ਕਿਹਾ ਕਿ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਮੋਹਾਲੀ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਦੋਵੇਂ ਗਗਨਦੀਪ ਉਰਫ ਗਾਗੀ ਤੇ ਗੁਰਪ੍ਰੀਤ ਉਰਫ ਗੋਪੀ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: