ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਨੂੰ ਮਾਨਸਾ ਪੁਲਿਸ ਨੇ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਜਿਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮੁਲਜ਼ਮ ਜੋਗਾ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਉਕਲਾਣਾ ਖੇਤਰ ਵਿਚ ਪਨਾਹ ਦਿੱਤੀ ਸੀ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਜੋਗਿੰਦਰ ਸਿੰਘ ਉਰਫ ਜੋਗਾ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿਚ ਬੰਦ ਸੀ। ਜਿਸ ਨੂੰ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਜੋਗਾ ਦੇ ਸਬੰਧ ਲਾਰੈਂਸ ਤੇ ਗੋਲਡੀ ਬਰਾੜ ਗੈਂਗ ਨਾਲ ਦੱਸੇ ਜਾ ਰਹੇ ਹਨ। ਮੁਲਜ਼ਮ ਦਾ ਸਬੰਧ ਮਾਨਸਾ ਦੇ ਸੀਆਈਏ ਥਾਣੇ ਤੋਂ ਭੱਜੇ ਦੀਪਕ ਟੀਨੂੰ ਨਾਲ ਵੀ ਦੱਸਿਆ ਜਾ ਰਿਹਾ ਹੈ।
ਜੋਗਿੰਦਰ ਸਿੰਘ ਉਰਫ ਜੋਗਾ ਨੇ ਮਾਨਸਾ ਸੀਆਈਏ ਤੋਂ ਭੱਜਣ ਦੇ ਬਾਅਦ ਵੀ ਟੀਨੂੰ ਨੂੰ ਮਦਦ ਕੀਤੀ ਸੀ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਵਿਚ ਜੋਗਿੰਦਰ ਨੂੰ ਭਗੌੜਾ ਐਲਾਨਿਆ ਗਿਆ ਸੀ। ਕੋਰਟ ਤੋਂ ਪਹਿਲਾਂ ਮੁਲਜ਼ਮ ਦੀ ਗ੍ਰਿਫਤਾਰੀ ਦੀ ਇਜਾਜ਼ਤ ਲਈ ਗਈ ਸੀ ਜਿਸ ਦੇ ਬਾਅਦ ਪੁਲਿਸ ਨੇ ਉਸ ਨੂੰ ਗੁਰੂਗ੍ਰਾਮ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’
ਅੱਜ ਉਸ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਪੁਲਿਸ ਨੇ ਮੁਲਜ਼ਮ ਦੀ 7 ਦਿਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ 2 ਦਿਨ ਦੀ ਰਿਮਾਂਡ ਹੀ ਮਨਜ਼ੂਰ ਕੀਤੀ ਹੈ।
ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਮੁਤਾਬਕ ਇਸ ਮਾਮਲੇ ਵਿਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਮੁਲਜ਼ਮ ਮੁਕਾਬਲੇ ਵਿਚ ਮਾਰੇ ਗਏ ਤੇ 5 ਨੂੰ ਭਾਰਤ ਦੇ ਬਾਹਰ ਤੋਂ ਲਿਆਂਦਾ ਜਾਣਾ ਹੈ। ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।
ਵੀਡੀਓ ਲਈ ਕਲਿੱਕ ਕਰੋ -: