ਮੋਹਾਲੀ: ਡੇਂਗੂ ਦੇ ਵੱਧਦੇ ਮਾਮਲੇ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਜ਼ਿਲ੍ਹੇ ਭਰ ਵਿੱਚ ਮਾਰਚ ਮਹੀਨੇ ਤੋਂ ਹੀ ਲਗਾਤਾਰ ਜਾਰੀ ਹਨ। ਪਰ ਫਿਰ ਵੀ ਡੇਂਗੂ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸ਼ਲਿੰਦਰ ਕੌਰ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਮਾਰਚ ਤੋਂ ਹੁਣ ਤੱਕ ਜ਼ਿਲ੍ਹੇ ਦੇ 4 ਲੱਖ 24 ਹਜ਼ਾਰ 823 ਘਰਾਂ ਅਤੇ ਹੋਰ ਥਾਵਾਂ ਦਾ ਸਰਵੇਖਣ ਕੀਤਾ ਗਿਆ ਹੈ | 13081 ਘਰਾਂ ਵਿੱਚ ਮੱਛਰ ਦੇ ਲਾਰਵੇ ਪਾਏ ਗਏ ਹਨ ਅਤੇ 2165 ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਹਨ।
ਸਿਵਲ ਸਰਜਨ ਅਨੁਸਾਰ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਨੇ ਇਸ ਦੌਰਾਨ ਕੁੱਲ 1,36, 2014 ਕੰਟੇਨਰਾਂ ਜਿਵੇਂ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਬਰਤਨ, ਖਾਲੀ ਟਾਇਰ, ਬਕਸੇ ਅਤੇ ਹੋਰ ਕੰਟੇਨਰਾਂ ਦੀ ਜਾਂਚ ਕੀਤੀ ਅਤੇ 1,68,21 ਡੱਬਿਆਂ ਵਿੱਚ ਲਾਰਵਾ ਪਾਇਆ ਗਿਆ। ਡੇਂਗੂ ਬੁਖਾਰ ਦੇ ਹੁਣ ਤੱਕ ਕੁੱਲ 1619 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਅੱਜ ਤੱਕ 274 ਐਕਟਿਵ ਕੇਸ ਹਨ।
ਇਹ ਵੀ ਪੜ੍ਹੋ : ਫੀਫਾ ਵਰਲਡ ਕੱਪ ‘ਚ ਵੱਡਾ ਉਲਟਫੇਰ, ਅਰਜਨਟੀਨਾ ਨੂੰ 49ਵੇਂ ਨੰਬਰ ਦੀ ਟੀਮ ਸਾਊਦੀ ਅਰਬ ਨੇ ਹਰਾਇਆ
ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁਝ ਹੀ ਦਿਨਾਂ ਵਿੱਚ ਖਤਰਨਾਕ ਮੱਛਰ ਵਿੱਚ ਬਦਲ ਸਕਦਾ ਹੈ ਜੋ ਕਿ ਇੱਕ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਆਮ ਤੌਰ ‘ਤੇ ਲੋਕ ਇਹ ਸਮਝਦੇ ਹਨ ਕਿ ਠੰਡ ਦਾ ਮੌਸਮ ਹੋਣ ਕਾਰਨ ਡੇਂਗੂ ਦਾ ਮੱਛਰ ਨਹੀਂ ਫੈਲਦਾ ਜਦਕਿ ਇਨ੍ਹਾਂ ਦਿਨਾਂ ‘ਚ ਡੇਂਗੂ ਫੈਲਾਉਣ ਵਾਲੇ ਮੱਛਰਾਂ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਨੂੰ ਡੇਂਗੂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਘਰਾਂ, ਆਲੇ-ਦੁਆਲੇ ਕਿਤੇ ਵੀ ਸਾਫ਼ ਜਾਂ ਗੰਦਾ ਪਾਣੀ ਨਹੀਂ ਛੱਡਣਾ ਚਾਹੀਦਾ।
ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਬੁਖਾਰ ਦਾ ਕੋਈ ਨਿਸ਼ਚਿਤ ਮੌਸਮ ਨਹੀਂ ਹੈ ਪਰ ਆਮ ਤੌਰ ‘ਤੇ ਇਹ ਜੁਲਾਈ ਤੋਂ ਨਵੰਬਰ ਤੱਕ ਜ਼ਿਆਦਾ ਫੈਲਦਾ ਹੈ, ਇਸ ਲਈ ਨਵੰਬਰ ਮਹੀਨੇ ਦੌਰਾਨ ਵੀ ਸਾਵਧਾਨੀ ਵਰਤਣ ਦੀ ਬਹੁਤ ਲੋੜ ਹੈ। ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰ. 104 ‘ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: