ਪੰਜਾਬ ਦੇ ਮੁਕਤਸਰ ਜ਼ਿਲੇ ‘ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 7 ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ‘ਚ 2 ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੂੰ ਇਨ੍ਹਾਂ ਦੇ ਕਬਜ਼ੇ ‘ਚੋਂ 1735 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਕਤਸਰ ਦੇ ਸਹਾਇਕ SHO ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਸਬੰਧੀ ਲਾਹੌਰੀਆ ਦੇ ਢਾਬੇ ਕੋਲ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਆਉਂਦਾ ਦੇਖਿਆ। ਉਸ ਨੇ ਹੱਥ ਵਿਚ ਲਿਫਾਫਾ ਫੜਿਆ ਹੋਇਆ ਸੀ। ਪੁਲਿਸ ਨੂੰ ਦੇਖ ਕੇ ਵਿਅਕਤੀ ਨੇ ਲਿਫਾਫਾ ਸੁੱਟ ਦਿੱਤਾ, ਜਿਸ ਵਿਚੋਂ ਗੋਲੀਆਂ ਦੇ ਕੁਝ ਪੱਤੇ ਖਿੱਲਰ ਗਏ।
ਪੁਲਿਸ ਨੇ ਤੁਰੰਤ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਉਸ ਕੋਲੋਂ ਕੁੱਲ 1000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਵਿਅਕਤੀ ਦੀ ਪਛਾਣ ਸਤਪਾਲ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ। SHO ਜਸਵੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਮਾਮਲੇ ਵਿੱਚ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਸ਼ਾਮਲ ਹਨ। ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਬਠਿੰਡਾ, ਸੋਨੂੰ ਕੁਮਾਰ ਵਾਸੀ ਗਿੱਦੜਬਾਹਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ‘ਚ ਮੀਂਹ ਕਾਰਨ ਭਰਿਆ ਪਾਣੀ: DC ਨਾਲ ਵਿਧਾਨ ਸਭਾ ਸਪੀਕਰ ਸੰਧਵਾਂ ਬਰਸਾਤੀ ਪਾਣੀ ‘ਚ ਉਤਰੇ
ਕਬਰਵਾਲਾ ਪੁਲਿਸ ਨੇ ਇੱਕ ਔਰਤ ਨੂੰ 405 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਿਸ ਦੀ ਪਛਾਣ ਮਹਿੰਦਰ ਕੌਰ ਪਤਨੀ ਸ਼ਿੰਦਰ ਸਿੰਘ ਵਾਸੀ ਸ਼ਾਮ ਖੇੜਾ ਵਜੋਂ ਹੋਈ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਰਾਜ ਕੁਮਾਰ ਵਾਸੀ ਸ਼ਾਮ ਖੇੜਾ, ਰਵਿੰਦਰ ਸਿੰਘ ਵਾਸੀ ਖੇੜਾ ਵਜੋਂ ਹੋਈ ਹੈ।
ਇਸੇ ਤਰ੍ਹਾਂ ਗਿੱਦੜਬਾਹਾ ਪੁਲਿਸ ਨੇ ਇੱਕ ਔਰਤ ਨੂੰ 280 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਔਰਤ ਦੀ ਪਛਾਣ ਗੁਰਮੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਹੁਸਨਰ ਵਜੋਂ ਹੋਈ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: