ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪ੍ਰਕਿਰਿਆ ਨਾਲ ਕੋਈ ਸੰਬੰਧ ਨਾ ਹੋਣ ਦੇ ਕੀਤੇ ਦਾਅਵੇ ਤੇ ਬੋਲੇ ਹੋਰ ਝੂਠ ਨੁੰ ਬੇਨਕਾਬ ਕਰਦਿਆਂ ਸਜ਼ਾ ਸਮੀਖਿਆ ਬੋਰਡ ਦੇ ਮੈਂਬਰਾਂ ਅਤੇ ਪ੍ਰੋ. ਭੁੱਲਰ ਬਾਰੇ ਹੋਈ ਇਸਦੀ ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰ ਦਿੱਤੀ।
ਅੱਜ ਇਥੇ ਪਾਰਟੀ ਹੈਡਕੁਆਰਟਰ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਵਾਰ-ਵਾਰ ਇਹ ਦਾਅਵਾ ਕਰ ਰਹੇ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਵਾਲੇ ਸਜ਼ਾ ਸਮੀਖਿਆ ਬੋਰਡ ਨਾਲ ਕੋਈ ਸੰਬੰਧ ਨਹੀਂ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਬੋਰਡ ਦਾ ਚੇਅਰਮੈਨ ਦਿੱਲੀ ਦਾ ਗ੍ਰਹਿ ਮੰਤਰੀ ਹੁੰਦਾ ਹੈ ਜੋ ਉਨ੍ਹਾਂ ਦੇ ਵਜ਼ਾਰਤੀ ਸਾਥੀ ਸਤੇਂਦਰ ਜੈਨ ਹਨ। ਉਨ੍ਹਾਂ ਦੱਸਿਆ ਕਿ ਬੋਰਡ ਦੇ ਕੁੱਲ 7 ਮੈਂਬਰ ਹਨ ਜਿਹਨਾਂ ਵਿਚੋਂ 5 ਦਾ ਸਿੱਧਾ ਸੰਬੰਧ ਸ੍ਰੀ ਕੇਜਰੀਵਾਲ ਨਾਲ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਬੀ ਐਸ ਭੱਲਾ, ਦਿੱਲੀ ਸਰਕਾਰ ਦੇ ਡੀ ਜੀ ਪੀ ਜੇਲ੍ਹਾਂ ਸੰਦੀਪ ਗੋਇਲ, ਦਿੱਲੀ ਸਰਕਾਰ ਦੇ ਕਾਨੂੰਨ ਤੇ ਨਿਆਂ ਵਿਭਾਗ ਦੇ ਪ੍ਰਮੁੱਖ ਕੱਤਰ ਸੰਜੇ ਕੁਮਾਰ ਅਗਰਵਾਲ ਅਤੇ ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਰਸ਼ਮੀ ਸਿੰਘ ਇਸਦੇ ਮੈਂਬਰ ਹਨ। ਇਹਨਾਂ ਤੋਂ ਇਲਾਵਾ ਬੋਰਡ ਦੇ ਦੋ ਹੋਰ ਮੈਂਬਰਾਂ ਵਿਚ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਵੱਲੋਂ ਨਾਮਜ਼ਦ ਡੀ ਸੀ ਪੀ ਰਾਜੇਸ਼ ਦਿਓ ਇਸਦੇ ਮੈਂਬਰ ਹਨ।
ਬੈਂਸ ਨੇ ਦੱਸਿਆ ਕਿ ਇਸ ਬੋਰਡ ਦੀ 11 ਦਸੰਬਰ 2020 ਨੁੰ ਦਿੱਲੀ ਸਕੱਤਰੇਤ ਵਿਚ ਹੀ ਮੀਟਿੰਗ ਹੋਈ ਸੀ ਜਿਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਵਿਚਾਰਿਆ ਗਿਆ। ਉਨ੍ਹਾਂ ਨੇ ਇਸ ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਦੱਸਿਆ ਕਿ ਕਿਵੇਂ ਬੋਰਡ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਪ੍ਰਵਾਨਗੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹਾਲਾਂਕਿ ਮੀਟਿੰਗ ਵਿਚ ਇਹ ਵੀ ਚਰਚਾ ਹੋਈ ਕਿ ਇਸ ਮੀਟਿੰਗ ਤੱਕ ਪ੍ਰੋ. ਭੁੱਲਰ 23 ਸਾਲ 9 ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਹੁਣ ਕੇਜਰੀਵਾਲ ਲੋਕਾਂ ਨੂੰ ਜਵਾਬ ਦੇਣ ਕਿ ਉਹ ਵਾਰ-ਵਾਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਿਉਂ ਕਰ ਰਹੇ ਹਨ ਜਦੋਂ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਫੈਸਲਾ ਲੈਣ ਵਾਲੇ ਬੋਰਡ ਦੇ ਚੇਅਰਮੈਨ ਸਮੇਤ 90 ਫੀਸਦੀ ਤੋਂ ਜ਼ਿਆਦਾ ਮੈਂਬਰ ਕੇਜਰੀਵਾਲ ਨਾਲ ਸਿੱਧੇ ਤੌਰ ’ਤੇ ਸੰਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਪੰਜਾਬੀਆਂ ਲਈ ਇਕ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ ਪਰ ਕੇਜਰੀਵਾਲ ਆਪਣੇ ਸੁਭਾਅ ਅਨੁਸਾਰ ਚਾਲਾਕੀ ਖੇਡਦਿਆਂ ਝੂਠ ਬੋਲ ਕੇ ਲੋਕਾਂ ਨੁੰ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ ਜੋ ਬੇਹੱਦ ਸ਼ਰਮਨਾਕ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਨਵਜੋਤ ਸਿੱਧੂ ’ਤੇ ਹਮਲਾ ਬੋਲਦਿਆਂ ਬੈਂਸ ਨੇ ਕਿਹਾ ਕਿ ਸਿੱਧੂ ਨੇ ਆਪਣੀ ਤਾਕਤ ਵਰਤ ਕੇ ਰਾਤੋਂ ਰਾਤ ਮੁੱਖ ਮੰਤਰੀ ਬਦਲਵਾ ਦਿੱਤਾ ਤੇ ਅਸਤੀਫੇ ਦੀ ਧਮਕੀ ਦੇ ਕੇ ਡੀ ਜੀ ਪੀ ਤੇ ਐਡਵੋਕੇਟ ਜਨਰਲ ਵੀ ਬਦਲਾ ਦਿੱਤਾ ਪਰ ਜਦੋਂ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਦੀ ਵਾਰੀ ਆਈ ਜਾਂ ਲੋੜਵੰਦਾਂ ਦੀ ਮਦਦ ਕਰਨ ਦੀ ਵਾਰੀ ਆਈ ਤਾਂ ਸਿੱਧੂ ਚੁੱਪ ਹੋ ਕੇ ਗਏ ਤੇ ਇਹ ਆਖਣ ਲੱਗ ਪਏ ਕਿ ਉਨ੍ਹਾਂ ਕੋਲ ਤਾਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸ੍ਰੀ ਸਿੱਧੂ ਸਿਰਫ ਆਪਣੇ ਰਾਜਨੀਤਕ ਲਾਹੇ ਵਾਸਤੇ ਤਾਕਤ ਦੀ ਵਰਤੋਂ ਕਰਦੇ ਹਨ ਤੇ ਲੋਕਾਂ ਦੀ ਭਲਾਈ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੈ।