ਰੋਡਰੇਜ ਕੇਸ ‘ਚ ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦਾਲ-ਰੋਟੀ ਨਹੀਂ ਖਾ ਰਹੇ। ਉਹ ਸਪੈਸ਼ਲ ਡਾਇਟ ਲਈ ਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਖੁਦ ਨੂੰ ਲੀਵਰ ਦੀ ਪ੍ਰਾਬਲਮ ਦੱਸੀ ਹੈ। ਇਸ ਤੋਂ ਇਲਾਵਾ ਬਲੱਡ ਕਲਾਟਿੰਗ ਯਾਨੀ ਗਾੜ੍ਹੇ ਖੂਨ ਦੀ ਵੀ ਦਿੱਕਤ ਹੈ। ਕਣਕ ਤੋਂ ਵੀ ਐਲਰਜੀ ਹੈ। ਸਿੱਧੂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਦੱਸੀ ਗਈ ਸਪੈਸ਼ਲ ਡਾਇਟ ਹੀ ਦਿੱਤੀ ਜਾਵੇ। ਪਟਿਆਲਾ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਨੇ ਇਸ ਬਾਰੇ ਜਵਾਬ ਮੰਗਿਆ ਹੈ। ਇਸ ਲਈ ਰਾਜਿੰਦਰਾ ਹਸਪਤਾਲ ਦੇ ਸੁਪਰੀਡੈਂਟ ਨੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਹੈ, ਜੋ 23 ਮਈ ਨੂੰ ਸਪੈਸ਼ਲ ਡਾਇਟ ਸਬੰਧੀ ਕੋਰਟ ਵਿਚ ਰਿਪੋਰਟ ਸੌਂਪਣਗੇ।
ਦੱਸ ਦੇਈਏ ਕਿ ਸਿੱਧੂ ਨੇ ਸ਼ੁੱਕਰਵਾਰ ਨੂੰ ਪਟਿਆਲਾ ਕੋਰਟ ਵਿਚ ਸਰੰਡਰ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿਚ ਭੇਜਿਆ ਗਿਆ ਹੈ। ਸਿੱਧੂ ਜੇਲ੍ਹ ਵਿਚ ਸਿਰਫ ਸਲਾਦ, ਫਲ ਤੇ ਚਾਹ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਮਾਰੀ ਦੀ ਵਜ੍ਹਾ ਨਾਲ ਉਹ ਬਾਕੀ ਚੀਜ਼ਾਂ ਨਹੀਂ ਖਾ ਸਕਦੇ। ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਕੁਝ ਹੀ ਫਲ ਖਾਣੇ ਹਨ।
ਜੇਲ੍ਹ ਵਿਚ ਕੈਦੀ ਨੂੰ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਛੋਟ ਮਿਲਦੀ ਹੈ। ਇਸ ਲਈ ਉਹ 5 ਨੰਬਰ ਦੇ ਸਕਦੇ ਹਨ। ਸਿੱਧੂ ਦੀ ਜੇਲ੍ਹ ਵਿਚ ਆਉਣ ‘ਤੇ ਜੇਲ੍ਹ ਪ੍ਰਸ਼ਾਸਨ ਨੇ ਇਹ ਨੰਬਰ ਮੰਗੇ ਸੀ। ਹਾਲਾਂਕਿ ਸਿੱਧੂ ਨੇ ਅਜੇ ਨੰਬਰ ਨਹੀਂ ਦਿੱਤੇ ਹਨ। ਸਿੱਧੂ ਫਿਲਹਾਲ ਇਕੱਲੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।
ਨਵਜੋਤ ਸਿੱਧੂ ਕੱਲ੍ਹ ਸੁਪਰੀਮ ਕੋਰਟ ਵਿਚ ਕਿਊਰੇਟਿਵ ਪਟੀਸ਼ਨ ਦਾਇਰ ਕਰ ਸਕਦੇ ਹਨ। ਸਿੱਧੂ ਨੇ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦੀ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਇਸ ਲਈ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਸਰੰਡਰ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: