ਪੰਜਾਬ ਵਿਚ ਅੰਤਰਾਸ਼ਟਰੀ ਸਰਹੱਦ ਪਾਰ ਤੋਂ ਡ੍ਰੋਨ ਜ਼ਰੀਏ ਨਸ਼ੇ ਤੇ ਹਥਿਆਰ ਤਸਕਰੀ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ, ਬਾਰਡਰ ਰੇਂਡ ਦੇ ਅਧਿਕਾਰੀਆਂ ਤੇ ਇੰਟੈਲੀਜੈਂਸ ਵਿਭਾਗ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਹੁਣ ਭਾਰਤ-ਪਾਕਿ ਸਰਹੱਦ ਤੋਂ 6 ਕਿਲੋਮੀਟਰ ਦੇ ਖੇਤਰ ਵਿਚ ਡ੍ਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੋ ਪਹਿਲਾਂ ਤਿੰਨ ਕਿਲੋਮੀਟਰ ਤੱਕ ਸੀ।
ਹੁਣ ਤੋਂ ਜੇਕਰ ਪਾਬੰਦੀਸ਼ੁਦਾ ਖੇਤਰ ਵਿੱਚ ਕੋਈ ਡਰੋਨ ਮਿਲਦਾ ਹੈ ਤਾਂ ਪੰਜਾਬ ਪੁਲਿਸ ਅਤੇ ਬੀਐਸਐਫ ਤੁਰੰਤ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦੇਵੇਗੀ। ਨਾਲ ਹੀ, ਡਰੋਨ ਰੱਖਣ ਵਾਲੇ ਹਰ ਵਿਅਕਤੀ ਨੂੰ ਇਸ ਨੂੰ ਉਡਾਉਣ ਲਈ ਆਪਣੇ ਖੇਤਰ ਦੇ ਡੀਸੀ ਤੋਂ ਪਰਮਿਟ ਲੈਣਾ ਹੋਵੇਗਾ। ਦੋ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਪ੍ਰਧਾਨਗੀ ਹੇਠ ਸੁਰੱਖਿਆ ਸਬੰਧੀ ਮੀਟਿੰਗ ਵਿੱਚ ਸੂਬਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ, ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ, ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ, ਵੱਖ-ਵੱਖ ਐਸਟੀਐਫ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਡੀਆਈਜੀ ਬਾਰਡਰ ਰੇਂਜ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਸਰਹੱਦ ਪਾਰੋਂ ਘੁਸਪੈਠ ਕਰਨ ਵਾਲੇ ਡਰੋਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਮਾਰ ਮੁਕਾਉਣ ਲਈ ਸਥਾਨਕ ਪੱਧਰ ’ਤੇ ਡਰੋਨ ਉਡਾਉਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ, ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਲਿਆ ਜਾਵੇ।
ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਈ। ਸ਼ਨੀਵਾਰ ਨੂੰ ਵੀ ਪਠਾਨਕੋਟ ਦੇ ਬਮਿਆਲ ਇਲਾਕੇ ‘ਚ ਡਰੋਨ ਨਾਲ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਬੀਐੱਸਐੱਫ ਅਤੇ ਪੁਲਿਸ ਨੇ ਨਾਕਾਮ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ, ਬੀਐਸਐਫ ਅਤੇ ਕਮਾਂਡੋਜ਼ ਦੀ ਮਦਦ ਨਾਲ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪਿਛਲੇ ਇੱਕ ਸਾਲ ਦੌਰਾਨ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਡੇਢ ਦਰਜਨ ਤੋਂ ਵੱਧ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨ ਉਡਾਉਣ ਨੂੰ ਲੈ ਕੇ ਪਹਿਲਾਂ ਵੀ ਸਾਰੇ ਜ਼ਿਲ੍ਹਿਆਂ ਵਿਚ ਸਥਾਨਕ ਪੱਧਰ ’ਤੇ ਪਾਬੰਦੀਸ਼ੁਦਾ ਖੇਤਰ ਤੈਅ ਹੁੰਦਾ ਰਿਹਾ ਹੈ। ਇਹ ਪਾਬੰਦੀ ਭਾਰਤ-ਪਾਕਿ ਸਰਹੱਦ ਤੋਂ ਆਬਾਦੀ ਦੀ ਦੂਰੀ ਅਤੇ ਛਾਉਣੀ ਖੇਤਰ ਦੀ ਸਥਿਤੀ ਨੂੰ ਦੇਖਦੇ ਹੋਏ ਤੈਅ ਕੀਤੀ ਗਈ ਹੈ। ਵਧੇਰੇ ਆਬਾਦੀ ਵਾਲੇ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ 25 ਕਿਲੋਮੀਟਰ ਤੱਕ ਵੀ ਪਾਬੰਦੀਆਂ ਲਾਗੂ ਹਨ। ਨਵੇਂ ਫੈਸਲੇ ਵਿੱਚ ਜ਼ਿਲ੍ਹਾ ਪੱਧਰ ’ਤੇ ਲਏ ਜਾਣ ਵਾਲੇ ਫੈਸਲਿਆਂ ਨੂੰ ਵੱਖ ਰੱਖਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ’ਤੇ ਵੀ ਪਾਬੰਦੀਆਂ ਲਗਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: