ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬਟਾਲਾ ਵਿਚ ਇੱਕ ਨਿੱਜੀ ਹਸਪਤਾਲ ਵਿਚ ਛਾਪਾ ਮਾਰਿਆ। ਹਸਪਤਾਲ ਵਿਚ ਲਗਭਗ ਇੱਕ ਘੰਟਾ ਚੱਲੀ ਸਰਚ ਦੌਰਾਨ ਸਥਾਨਕ ਪੁਲਿਸ ਨੂੰ ਦੂਰ ਰੱਖਿਆ ਗਿਆ।ਐੱਨਆਈਏ ਟੀਮ ਆਪਣੇ ਨਾਲ ਸੀਆਰਪੀਐੱਫ ਨੂੰ ਲੈ ਕੇ ਆਈ ਸੀ। ਟੀਮ ਨੇ ਹਸਪਤਾਲ ਮੈਨੇਜਮੈਂਟ ਤੋਂ ਲਗਭਗ ਇੱਕ ਘੰਟਾ ਪੁੱਛਗਿਛ ਕੀਤੀ। ਇਸ ਦੇ ਨਾਲ ਹੀ ਹਸਪਤਾਲ ਦੇ ਰਿਕਾਰਡ ਨੂੰ ਵੀ ਖੰਗਾਲਿਆ। ਸਰਚ ਦੌਰਾਨ ਮਿਲੇ ਸੁਰਾਗਾਂ ਨੂੰ ਟੀਮ ਆਪਣੇ ਨਾਲ ਲੈ ਗਈ ਹੈ।
ਦੱਸ ਦੇਈਏ ਕਿ ਗੈਂਗਸਟਰਾਂ ਨਾਲ ਸਬੰਧਤ ਨੂੰ ਲੈ ਕੇ ਇਹ ਹਸਪਤਾਲ ਕਾਫੀ ਸਮੇਂ ਤੋਂ ਚਰਚਾ ਵਿਚ ਹੈ। ਹੁਣ ਗੈਂਗਸਟਰ ਰਾਣਾ ਕੰਧੋਵਾਲੀਆ ਦੇ ਹੱਤਿਆਕਾਂਡ ਦੇ ਦੋਸ਼ੀਆਂ ਦਾ ਇਲਾਜ ਕਰਨ ਨਾਲ ਵੀ ਇਸ ਦੇ ਤਾਰ ਜੁੜ ਰਹੇ ਹਨ। ਜਾਣਕਾਰੀ ਮੁਤਾਬਕ ਰਾਣਾ ਦੇ ਹਤਿਆਰੇ ਦਾ ਇਸੇ ਹਸਪਤਾਲ ਵਿਚ ਇਲਾਜ ਚੱਲਿਆ ਸੀ। ਹਸਪਤਾਲ ਵੱਲੋਂ ਅਜਿਹੇ ਕੇਸਾਂ ਬਾਰੇ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ ਤੇ ਇਕ ਤਰ੍ਹਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਮਾਮਲੇ ਦੀ ਜਾਂਚ ਐੱਨਆਈਏ ਦੇ ਹੱਥ ਵਿਚ ਆਉਣ ਦੇ ਬਾਅਦ ਹੱਤਿਆਕਾਂਡ ਨਾਲ ਜੁੜੇ ਸਾਰੇ ਪਹਿਲੂ ਉਜਾਗਰ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 4 ਅਗਸਤ 2021 ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਵਿਚ ਗੈਂਗਸਟਰ ਰਣਦੀਪ ਕੰਧੋਵਾਲੀਆ ਉਰਫ ਰਾਣਾ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿਚ ਰਾਣਾ ਨਾਲ ਉਸ ਦਾ ਸਾਥੀ ਤੇਜਵੀਰ ਸਿੰਘ ਤੇਜਾ ਤੇ ਹਸਪਤਾਲ ਦਾ ਸਕਿਓਰਿਟੀ ਗਾਰਡ ਵੀ ਜ਼ਖਮੀ ਹੋ ਗਿਆ ਸੀ। ਰਾਣਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੇ ਫੇਸਬੁੱਕ ਪੋਸਟ ‘ਤੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਹੱਤਿਆ ਕਾਰਨ ਰਾਣਾ ਕੰਧੋਵਾਲੀਆ ਵੱਲੋਂ ਗੈਂਗਸਟਰ ਬੰਬੀਹਾ ਗਰੁੱਪ ਦਾ ਸਾਥ ਦੇਣਾ ਦੱਸਿਆ ਗਿਆ ਸੀ। ਦਵਿੰਦਰ ਬੰਬੀਹਾ ਦੇ ਕਹਿਣ ‘ਤੇ ਹੀ ਰਾਣਾ ਕੰਧੋਵਾਲੀਆ ਨੇ ਉਸ ਦੇ ਭਰਾ ਨੂੰ ਅਗਵਾ ਕਰਵਾਉਣ ਵਿਚ ਮਦਦ ਕੀਤੀ ਸੀ। ਇਸ ਦੇ ਬਾਅਦ ਜੱਗੂ ਭਗਵਾਨਪੁਰੀਆ, ਉਸ ਦੇ ਸਾਥੀ ਜਗਰੌਸ਼ਨ ਸਿੰਘ ਹੁੰਦਲ ਤੇ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਸਣੇ ਦੋ ਹੋਰ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਗੈਂਗਸਟਰ ਮਨਦੀਪ ਸਿੰਘ ਉਰਫ ਦੀਪ ਢਿੱਲੋਂ ਨੇ ਵੀ 2018 ਵਿਚ ਕੰਧੋਵਾਲੀਆ ‘ਤੇ ਹਮਲਾ ਕੀਤਾ ਸੀ। ਢਿੱਲੋਂ ਨੂੰ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਤਸਕਰੀ ਕਰਕੇ ਭੇਜੀ ਗਈ 48 ਵਿਦੇਸ਼ੀ ਪਿਸਤੌਲਾਂ ਨੂੰ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: