ਦਿੱਲੀ ਐਸਿਡ ਅਟੈਕ ਦੀ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਚਿਹਰੇ ‘ਤੇ 8 ਫੀਸਦੀ ਹਿੱਸਾ ਝੁਲਸ ਗਿਆ ਹੈ। ਅੱਖਾਂ ਵੀ ਡੈਮੇਜ ਹੋ ਗਈਆਂ ਹਨ। ਫਿਲਹਾਲ ਉਹ ਹੋਸ਼ ਵਿਚ ਹੈ। ਅੱਖਾਂ ਦੇ ਮਾਹਿਰ ਅਤੇ ਪਲਾਸਟਿਕ ਸਰਜਨ ਉਸ ਦਾ ਇਲਾਜ ਕਰ ਰਹੇ ਹਨ। ਇਹ ਜਾਣਕਾਰੀ ਸਫਦਰਜੰਗ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦਿੱਤੀ।
ਦੂਜੇ ਪਾਸੇ ਪੁਲਿਸ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਨੇ ਇਹ ਤੇਜ਼ਾਬ ਈ-ਕਾਮਰਸ ਪਲੇਟਫਾਰਮ Flipkart ਤੋਂ ਖਰੀਦਿਆ ਸੀ। ਇਸ ‘ਤੇ ਦਿੱਲੀ ਪੁਲਿਸ ਨੇ Flipkart ਨੂੰ ਨੋਟਿਸ ਭੇਜਿਆ ਹੈ ਅਤੇ ਦਿੱਲੀ ਮਹਿਲਾ ਕਮਿਸ਼ਨ ਨੇ ਅਮੇਜ਼ਨ ਨੂੰ ਵੀ ਨੋਟਿਸ ਭੇਜਿਆ ਹੈ।
ਦਿੱਲੀ ਮਹਿਲਾ ਕਮਿਸ਼ਨ (DCW) ਨੇ ਨੋਟਿਸ ‘ਚ ਲਿਖਿਆ- ਪਤਾ ਲੱਗਾ ਹੈ ਕਿ ਦੋਸ਼ੀ ਨੇ ਫਲਿੱਪਕਾਰਟ ਤੋਂ ਤੇਜ਼ਾਬ ਖਰੀਦਿਆ ਸੀ। ਸੁਪਰੀਮ ਕੋਰਟ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਇਹ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਪਲੇਟਫਾਰਮ ‘ਤੇ ਆਸਾਨੀ ਨਾਲ ਉਪਲਬਧ ਹੈ। ਆਪਣੇ ਪਲੇਟਫਾਰਮ ‘ਤੇ ਤੇਜ਼ਾਬ ਵੇਚਣ ਦਾ ਕਾਰਨ ਦੱਸੋ।
ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰੀਤ ਹੁੱਡਾ ਨੇ ਦੱਸਿਆ ਕਿ ਸਚਿਨ ਨੇ ਫਲਿੱਪਕਾਰਟ ਤੋਂ ਤੇਜ਼ਾਬ ਮੰਗਵਾਇਆ ਸੀ। ਉਸ ਨੇ ਪੇਮੈਂਟ ਲਈ ਫਲਿੱਪਕਾਰਟ ਦੇ ਈ-ਵਾਲਿਟ ਦੀ ਵਰਤੋਂ ਕੀਤੀ। ਹਾਲਾਂਕਿ ਫਲਿੱਪਕਾਰਟ ਵਲੋਂ ਅਜੇ ਤੱਕ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਘਟਨਾ 14 ਦਸੰਬਰ ਨੂੰ ਸਵੇਰੇ 7.30 ਵਜੇ ਦਵਾਰਕਾ ਇਲਾਕੇ ‘ਚ ਵਾਪਰੀ। ਲੜਕੀ ਆਪਣੀ ਛੋਟੀ ਭੈਣ ਨਾਲ ਜਾ ਰਹੀ ਸੀ ਕਿ ਦੋ ਮੁੰਡੇ ਬਾਈਕ ‘ਤੇ ਆਏ। ਪਿੱਛੇ ਬੈਠੇ ਲੜਕੇ ਨੇ ਤੇਜ਼ਾਬ ਸੁੱਟ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ISI ਦਾ ਜਾਸੂਸ ਕੀਤਾ ਕਾਬੂ, SFJ ਦੇ ਵੀ ਸੰਪਰਕ ‘ਚ ਦੋਸ਼ੀ
ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਦੀ ਪਛਾਣ ਸਚਿਨ ਅਰੋੜਾ (20 ਸਾਲ), ਹਰਸ਼ਿਤ ਅਗਰਵਾਲ (19 ਸਾਲ) ਅਤੇ ਵਰਿੰਦਰ ਸਿੰਘ (22 ਸਾਲ) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸਚਿਨ ਮੁੱਖ ਦੋਸ਼ੀ ਹੈ, ਉਸ ਨੇ ਹਰਸ਼ਿਤ ਅਤੇ ਵਰਿੰਦਰ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਵੇਲੇ ਹਰਸ਼ਿਤ ਅਗਰਵਾਲ ਬਾਈਕ ਚਲਾ ਰਿਹਾ ਸੀ। ਪਿੱਛੇ ਬੈਠੇ ਸਚਿਨ ਅਰੋੜਾ ਨੇ ਤੇਜ਼ਾਬ ਸੁੱਟ ਦਿੱਤਾ ਸੀ। ਤੀਜਾ ਦੋਸ਼ੀ ਵਰਿੰਦਰ ਸਿੰਘ ਹੈ। ਘਟਨਾ ਵੇਲੇ ਉਹ ਸਚਿਨ ਦਾ ਸਕੂਟਰ ਅਤੇ ਮੋਬਾਈਲ ਲੈ ਕੇ ਕਿਸੇ ਹੋਰ ਥਾਂ ਚਲਾ ਗਿਆ, ਜਿਸ ਨਾਲ ਸਚਿਨ ਦੀ ਲੋਕੇਸ਼ਨ ਕਿਤੇ ਹੋਰ ਦਿਖਾਈ ਗਈ ਅਤੇ ਘਟਨਾ ਵਿਚ ਉਸ ਦਾ ਨਾਂ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -: