ਨੁਪੂਰ ਸ਼ਰਮਾ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ। ਨੁਪੂਰ ਸ਼ਰਮਾ ਦੀ ਗ੍ਰਿਫਤਾਰੀ ‘ਤੇ 10 ਅਗਸਤ ਤੱਕ ਰੋਕ ਲਗਾ ਦਿੱਤੀ ਗਈ ਹੈ। ਉਸੇ ਦਿਨ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਕੋਰਟ ਵਿਚ ਨੁਪੂਰ ਸ਼ਰਮਾ ਦੇ ਵਕੀਲ ਨੇ ਕਿਹਾ ਕਿ ਨੁਪੂਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਪੈਗੰਬਰ ਮੁਹੰਮਦ ਨੂੰ ਲੈ ਕੇ ਟਿੱਪਣੀ ਕਰਨ ਦੇ ਚੱਲਦੇ ਵੱਖ-ਵੱਖ ਸੂਬਿਆਂ ਵਿਚ 9 ਐੱਫਆਈਆਰ ਦਾ ਸਾਹਮਣਾ ਕਰ ਰਹੀ ਨੁਪੂਰ ਸ਼ਰਮਾ ਨੇ ਸੁਪਰੀਮ ਕੋਰਟ ਵਿਚ ਦੁਬਾਰਾ ਅਰਜ਼ੀ ਲਗਾਈ ਸੀ ਜਿਸ ‘ਤੇ ਅੱਜ ਸੁਣਵਾਈ ਹੋਈ। ਆਪਣੀ ਅਰਜ਼ੀ ਵਿਚ ਨੁਪੂਰ ਸ਼ਰਮਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਬਾਅਦ ਉਨ੍ਹਾਂ ਦੀ ਜਾਨ ਨੂੰ ਲੈ ਕੇ ਖਤਰਾ ਵਧ ਗਿਆ ਹੈ। ਨੁਪੂਰ ਨੇ ਕੋਰਟ ਤੋਂ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਸਾਰੀਆਂ ਐੱਫਆਈਆਰ ਨੂੰ ਦਿੱਲੀ ਟਰਾਂਸਫਰ ਕਰਕੇ ਇਕੱਠੇ ਸੁਣਵਾਈ ਕਰਨ ਦੀ ਮੰਗ ਕੀਤੀ ਸੀ।
ਸੁਪਰੀਮ ਕੋਰਟ ਵਿਚ ਜਸਟਿਸ ਸੂਰਯਕਾਂਤ ਤੇ ਜਸਟਿਸ ਪਾਰਦੀਵਾਲਾ ਦੀ ਬੈਂਚ ਦੇ ਸਾਹਮਣੇ ਨੁਪੂਰ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਕਿਉਂਕਿ ਪਹਿਲੀ ਐੱਫਆਈਆਰ ਦਿੱਲੀ ਵਿਚ ਦਰਜ ਹੋਈ, ਬਾਕੀ ਜੋ ਐੱਫਆਈਆਰ ਦਰਜ ਹੋਈਆਂ ਹਨ, ਉਹ ਉਸੇ ਪ੍ਰੋਗਰਾਮ ਨੂੰ ਲੈਕੇ ਹੋਈ। ਅਜਿਹੇ ਵਿਚ ਸਿਰਫ ਇੱਕ FIR ਜੋ ਦਿੱਲੀ ਵਿਚ ਦਰਜ ਹੋਈ ਹੈ ਸਿਰਫ ਉੁਸ ‘ਤੇ ਕਾਰਵਾਈ ਹੋਵੇ, ਬਾਕੀ ਸਾਰੀਆਂ FIR ‘ਤੇ ਰੋਕ ਲਗਾਈ ਜਾਵੇ। ਇਸ ਦੇ ਨਾਲ-ਨਾਲ ਜੇਕਰ ਕੋਈ ਨਵੀਂ ਐੱਫਆਈਆਰ ਉਸੇ ਬਿਆਨ ਨੂੰ ਲੈ ਕੇ ਫਾਈਲ ਹੁੰਦੀ ਹੈ ਤਾਂ ਉਸ ‘ਤੇ ਵੀ ਕੋਰਟ ਰੋਕ ਲਗਾਵੇ।
ਸੁਪਰੀਮ ਕੋਰਟ ਵਿਚ ਸੁਣਵਾਈ ਦੀ ਸ਼ੁਰੂਆਤ ਵਿਚ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਨੁਪੂਰ ਦੀ ਜਾਨ ਨੂੰ ਗੰਭੀਰ ਖਤਰਾ ਹੈ। ਇਹ ਵੀ ਕਿਹਾ ਗਿਆ ਕਿ ਇਕ ਵਿਅਕਤੀ ਪਾਕਿਸਤਾਨ ਤੋਂ ਫੜਿਆ ਗਿਆ ਹੈ, ਪਟਨਾ ਦੇ ਕੁਝ ਲੋਕਾਂ ਦੇ ਫੋਨ ‘ਚ ਨੁਪੂਰ ਦੇ ਘਰ ਦਾ ਪਤਾ ਮਿਲਿਆ ਹੈ। ਨੁਪੂਰ ਵੱਲੋਂ ਕਿਹਾ ਗਿਆ ਕਿ ਜੇਕਰ ਮੈਂ ਕੋਰਟ ਵਿਚ ਜਾਵਾਂ ਤਾਂ ਮੇਰੇ ਜੀਵਨ ਨੂੰ ਖਤਰਾ ਹੈ। ਨੁਪੂਰ ਦੇ ਵਕੀਲ ਨੇ ਕਿਹਾ ਕਿ ਬੰਗਾਲ ਵਿਚ ਚਾਰ FIR ਦਰਜ ਹੋ ਗਈਆਂ ਹਨ, ਇਸ ਲਈ ਖਤਰਾ ਵੀ ਵਧ ਗਿਆ ਹੈ।
ਬਾਅਦ ਵਿਚ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਲਈ 10 ਅਗਸਤ ਦੀ ਤਰੀਕ ਤੈਅ ਕਰ ਦਿੱਤੀ ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਭੇਜ ਦਿੱਤਾ। ਨੁਪੂਰ ਦੀ ਪਟੀਸ਼ਨ ‘ਤੇ ਦਿੱਲੀ ਪੁਲਿਸ, ਪੱਛਮੀ ਬੰਗਾਲ, ਤੇਲੰਗਾਨਾ, ਯੂਪੀ, ਅਸਮ, ਜੰਮੂ-ਕਸ਼ਮੀ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ। ਨਾਲ ਹੀ ਕਿਸੇ ਵੀ ਮਾਮਲੇ ‘ਚ ਹੁਣ ਤੱਕ ਕਠੋਰ ਕਾਰਵਾਈ ਨਹੀਂ ਹੋਵੇਗੀ। ਇਸ ਮਾਮਲੇ ਵਿਚ ਦਰਜ ਨਵੀਂ FIR ‘ਤੇ ਕਾਰਵਾਈ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: