ਕੇਂਦਰ ਵੱਲੋਂ ਅੱਜ ਬਜਟ 2022 ਪੇਸ਼ ਕੀਤਾ ਗਿਆ ਜਿਸ ‘ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਜੰਮ ਕੇ ਨਿਸ਼ਾਨੇ ਸਾਧੇ ਹਨ। ਪੰਜਾਬ ਵਿਚ ਚੁਣਾਵੀ ਮਾਹੌਲ ਹੈ ਇਸ ਲਈ ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਕਿਸਾਨਾਂ ਨਾਲ ਜੋੜਿਆ ਹੈ। ਨਾਲ ਹੀ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਵਰਗੇ ਨੇਤਾਵਾਂ ਨੇ ਪੂਰੇ ਬਜਟ ਨੂੰ ਹਵਾਈ ਦੱਸਿਆ ਜਿਸ ਦੀ ਕੋਈ ਹੋਂਦ ਹੀ ਨਜ਼ਰ ਨਹੀਂ ਆਉਂਦੀ।
ਸੁਖਬੀਰ ਬਾਦਲ ਨੇ ਕਿਹਾ ਕਿ ਇੰਡਸਟਰੀ ਦਾ ਕਈ ਲੱਖ ਕਰੋੜ ਕਰਜ਼ਾ ਮੁਆਫ ਕਰ ਦਿੱਤਾ ਗਿਆ ਪਰ ਖੇਤੀਬਾੜੀ, ਗਰੀਬ ਤੇ ਕਿਸਾਨਾਂ ਲਈ ਬਜਟ ਵਿਚ ਕੁਝ ਨਹੀਂ ਦਿੱਤਾ ਗਿਆ। ਸਾਂਸਦ ਮਨੀਸ਼ ਤਿਵਾੜੀ ਨੇ ਬਜਟ ਨੂੰ ਹਵਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਅਜਿਹਾ ਬਜਟ ਹੈ ਜਿਸ ਬਾਰੇ ਨਾ ਤਾਂ ਸੋਚਿਆ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ਕਮਜ਼ੋਰ ਦੱਸਿਆ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਸੇ ਤਰ੍ਹਾਂ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਕਿਹਾ ਕਿ ਬਜਟ ਨਾਲ ਕੇਂਦਰ ਦੀ ਮੋਦੀ ਸਰਕਾਰ ਦਾ ਕਿਸਾਨ ਵਿਰੋਧ ਉਜਾਗਰ ਹੋਇਆ ਹੈ। ਸਾਲ 2022 ਵਿਚ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਹੁਣ ਰੱਦੀ ਦੀ ਟੋਕਰੀ ਵਿਚ ਪਾ ਦਿੱਤਾ ਗਿਆ। ਖਾਦ ਸਬਸਿਡੀ ਕੱਟ ਦਿੱਤੀ। MSP ਗਾਰੰਟੀ ‘ਤੇ ਕੋਈ ਚਰਚਾ ਨਹੀਂ ਕੀਤੀ।
ਦੂਜੇ ਪਾਸੇ ਪੰਜਾਬ ਭਾਜਪਾ ਨੇ ਬਜਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ ਸੀਤਾਰਮਨ ਨੇ ਗਾਗਰ ਵਿਚ ਸਾਗਰ ਭਰ ਦਿੱਤਾ। ਇੰਫਰਾਸਟ੍ਰਕਚਰ ਵਧਾਉਣ ਲਈ ਪੂਰੀ ਗੱਲ ਕੀਤੀ ਗਈ ਹੈ। ਬਜਟ ਨਾਲ ਦੇਸ਼ ਦੀ ਇਕਾਨਮੀ ਚਾਰਜ ਹੋਵੇਗੀ। ਉਸ ਵਿਚ ਡਿਫੈਂਸ ‘ਤੇ ਖਰਚੇ ਨੂੰ ਲੈ ਕੇ 68 ਫੀਸਦੀ ਦੀ ਸ਼ਰਤ ਲਗਾਈ ਗਈ ਹੈ ਕਿ ਸਿਰਫ ਹਿੰਦੋਸਤਾਨ ਤੋਂ ਹੀ ਖਰੀਦ ਹੋਵੇਗੀ। ਇਸ ਨਾਲ ਮੇਡ ਇਨ ਇੰਡੀਆ ਨੂੰ ਉਤਸ਼ਾਹ ਮਿਲੇਗਾ।
ਦੇਸ਼ ਵਿਚ ਡੇਢ ਲੱਖ ਪੋਸਟ ਆਫਿਸ ਹਨ, ਉਨ੍ਹਾਂ ਨੂੰ ਕੋਰ ਬੈਂਕਿੰਗ ਵਿਚ ਬਦਲਣ ਦਾ ਫੈਸਲਾ ਲਿਆ ਗਿਆ। ਇਸ ਨਾਲ ਇੱਕ ਪਿੰਡ ਤੱਕ ਬੈੰਕਿੰਗ ਦੀਆਂ ਸੇਵਾਵਾਂ ਮਿਲਣਗੀਆਂ। ਪੰਜਾਬ ‘ਤੇ ਸਿੱਧਾ ਅਸਰ ਪਾਉਣ ਵਾਲੇ ਕੋਆਪ੍ਰੇਟਿਵ ਸੈਕਟਰ ‘ਤੇ ਮੀਨੀਅਮ ਟੈਕਸ ਸਾਢੇ 18 ਫੀਸਦੀ ਸੀ ਤੇ ਕੰਪਨੀਆਂ ‘ਤੇ 15 ਫੀਸਦੀ। ਹੁਣ ਇਸ ਨੂੰ ਘਟਾ ਕੇ 15 ਫੀਸਦੀ ਕਰ ਦਿੱਤਾ ਗਿਆ ਹੈ। ਇਸ ਨਾਲ ਕੋਆਪ੍ਰੇਟਿਵ ਸੈਕਟਰ ‘ਚ ਨਿਵੇਸ਼ ਹੋਵੇਗਾ। ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲੇਗਾ।