ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਕ ਤੋਂ ਵੱਧ ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਮਸ਼ਹੂਰ ਪਦਮਸ਼੍ਰੀ ਅਦਾਕਾਰਾ ਸੁਲੋਚਨਾ ਲਾਟਕਰ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦੀ ਖਰਾਬ ਸਿਹਤ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਹੁਣ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਬੇਟੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਨੂੰ ਸਾਹ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਉਮਰ ਸੰਬੰਧੀ ਹੋਰ ਬਿਮਾਰੀਆਂ ਸਨ, ਜਿਸ ਲਈ ਉਨ੍ਹਾਂ ਨੂੰ ਦਾਦਰ, ਮੁੰਬਈ ਦੇ ਸੁਸ਼ਰੁਸ਼ਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉੱਥੇ ਉਸ ਨੇ ਆਖਰੀ ਸਾਹ ਲਿਆ। ਐਤਵਾਰ ਸ਼ਾਮ ਕਰੀਬ 4:30 ਵਜੇ ਉਨ੍ਹਾਂ ਦੀ ਮੌਤ ਹੋ ਗਈ।
ਉਹ 40 ਅਤੇ 50 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਸੈਂਕੜੇ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਪਰਦੇ ‘ਤੇ ਦਿਲੀਪ ਕੁਮਾਰ, ਰਾਜੇਸ਼ ਖੰਨਾ, ਅਮਿਤਾਭ ਅਤੇ ਧਰਮਿੰਦਰ ਵਰਗੇ ਵੱਡੇ ਕਲਾਕਾਰਾਂ ਦੀ ਮਾਂ ਦੀ ਭੂਮਿਕਾ ਨਿਭਾਈ। ਸੁਲੋਚਨਾ ਨੇ ਦੇਵ ਆਨੰਦ ਨਾਲ ਕਈ ਫਿਲਮਾਂ ‘ਚ ਕੰਮ ਕੀਤਾ। ਇਨ੍ਹਾਂ ਵਿੱਚ ਜਬ ਪਿਆਰ ਕਿਸੀ ਸੇ ਹੋਤਾ ਹੈ, ਪਿਆਰ ਮੁਹੱਬਤ, ਦੁਨੀਆ, ਜੌਨੀ ਮੇਰਾ ਨਾਮ, ਅਮੀਰ ਗਰੀਬ, ਵਾਰੰਟ ਅਤੇ ਜੋਸ਼ੀਲਾ ਵਰਗੀਆਂ ਕਈ ਫਿਲਮਾਂ ਸ਼ਾਮਲ ਹਨ।
ਰਾਜੇਸ਼ ਖੰਨਾ ਨੇ ਸੁਲੋਚਨਾ ਨਾਲ ‘ਦਿਲ ਦੌਲਤ ਦੁਨੀਆ’, ‘ਬਹਾਰੋਂ ਕੇ ਸਪਨੇ’, ‘ਡੋਲੀ’, ‘ਕਟੀ ਪਤੰਗ’, ‘ਮੇਰੇ ਜੀਵਨ ਸਾਥੀ’, ‘ਪ੍ਰੇਮ ਨਗਰ’, ‘ਅਕਰਮਣ’, ‘ਭੋਲਾ ਭਾਲਾ’, ‘ਤਿਆਗ’, ‘ਆਸ਼ਿਕ ਹੂੰ ਬਹਾਰੋਂ ਕਾ’ ਅਤੇ ‘ਅਧਿਕਾਰ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉੱਥੇ ਹੀ ਉਹ ਸੁਨੀਲ ਦੱਤ ਦੇ ਨਾਲ ‘ਹੀਰਾ’, ‘ਝੂਲਾ’, ‘ਏਕ’ ‘ਫੂਲ ਔਰ ਕਾਂਟੇ’, ‘ਸੁਜਾਤਾ’, ‘ਮੇਹਰਬਾਨ’, ‘ਚਿਰਾਗ’, ‘ਭਾਈ ਬੇਹਨ’, ‘ਰੇਸ਼ਮਾ’ ਅਤੇ ‘ਸ਼ੇਰਾ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।
ਇਹ ਵੀ ਪੜ੍ਹੋ : ਸਾਈਕਲ ਸਵਾਰ ਵੀ ਵਾਹਨ ਚਾਲਕ, ਅਦਾਲਤ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 38 ਲੱਖ ਮੁਆਵਜ਼ਾ ਦੇਣ ਦਾ ਹੁਕਮ
ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ‘ਚ ਇਕ ਯੁੱਗ ਦਾ ਅੰਤ ਹੋ ਗਿਆ। ਸੁਲੋਚਨਾ ਦੀਦੀ ਦਾ ਅੰਤਿਮ ਸੰਸਕਾਰ ਸੋਮਵਾਰ 5 ਜੂਨ ਨੂੰ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪ੍ਰਭਾਦੇਵੀ ਸਥਿਤ ਉਨ੍ਹਾਂ ਦੇ ਘਰ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: