ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਤੇ ਭਾਰਤ ਖਿਲਾਫ ਖੇਡਣ ਨੂੰ ਲੈ ਕੇ ਆਪਣੇ ਖਦਸ਼ਿਆਂ ਤੋਂ ਜਾਣੂ ਕਰਵਾ ਦਿੱਤਾ ਹੈ। ਪਾਕਿਸਤਾਨ ਆਪਣੇ ਮੈਚ ਕੋਲਕਾਤਾ, ਚੇਨਈ ਤੇ ਬੰਗਲੌਰ ਵਿਚ ਖੇਡਣਾ ਚਾਹੁੰਦਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਮੈਚ ਨਹੀਂ ਖੇਡਣਾ ਚਾਹੁੰਦਾ।
ਜ਼ਿਕਰਯੋਗ ਹੈ ਕਿ ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ ਆਈਸੀਸੀ ਦੇ ਜਨਰਲ ਮੈਨੇਜਰ ਜਿਓਫ ਐਲਾਰਡਿਸ ਨੇ ਹਾਲ ਹੀ ਵਿੱਚ ਪੀਸੀਬੀ ਅਧਿਕਾਰੀਆਂ ਤੋਂ ਇਹ ਭਰੋਸਾ ਲੈਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ ਕਿ ਉਹ ਵਨਡੇ ਵਿਸ਼ਵ ਕੱਪ ਵਿੱਚ ਆਪਣੇ ਮੈਚਾਂ ਲਈ ਨਿਰਪੱਖ ਸਥਾਨਾਂ ਦੀ ਭਾਲ ਨਹੀਂ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ‘ਹਾਈਬ੍ਰਿਡ ਮਾਡਲ’ ‘ਤੇ ਏਸ਼ੀਆ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪਾਕਿਸਤਾਨ ਦੀ ਮੰਗ ਨੂੰ ਰੱਦ ਕਰਨ ਜਾ ਰਿਹਾ ਹੈ।
ਨਜਮ ਸੇਠੀ ਨੇ ਬਾਰਕਲੇ ਤੇ ਅਲਾਰਡਿਸ ਨੂੰ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਅਹਿਮਦਾਬਾਦ ਵਿਚ ਮੈਚ ਨਹੀਂ ਖੇਡਣਾ ਚਾਹੁੰਦਾ ਜਦੋਂ ਕਿ ਇਹ ਨਾਕਆਊਟ ਜਾਂ ਫਾਈਨਲ ਵਰਗਾ ਮੈਚ ਨਾ ਹੋਵੇ। ਉਨ੍ਹਾਂ ਨੇ ਆਈਸੀਸੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਭਾਰਤ ਜਾ ਕੇ ਵਿਸ਼ਵ ਕੱਪ ਖੇਡਣ ਦੀ ਇਜਾਜ਼ਤ ਦਿੰਦੀ ਹੈ ਤਾਂ ਪਾਕਿਸਤਾਨ ਦੇ ਮੈਚ ਚੇਨਈ, ਬੰਗਲੌਰ ਤੇ ਕੋਲਕਾਤਾ ਵਿਚ ਕਰਾਏ ਜਾਣ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਹਰਪ੍ਰੀਤ ਕੌਰ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ਪੁਲਿਸ ਵਿਚ ਹੋਈ ਭਰਤੀ
ਪਾਕਿਸਤਾਨ ਬੋਰਡ ਅਹਿਮਦਾਬਾਦ ਵਿਚ ਟੀਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਹਾਲਾਂਕਿ ਇੰਜਮਾਮ ਉਲ ਹੱਕ ਦੀ ਕਪਤਾਨੀ ਵਿਚ 2005 ਵਿਚ ਪਾਕਿਸਤਾਨੀ ਟੀਮ ਨੇ ਮੋਟੇਰਾ ਵਿਚ ਮੈਚ ਖੇਡਿਆ ਸੀ। ਸੇਠੀ ਨੇ ਇਹ ਵੀ ਕਿਹਾ ਕਿ ਅਗਲੇ 5 ਸਾਲ ਦੇ ਚੱਕਰ ਲਈ ਆਈਸੀਸੀ ਦੇ ਮਾਲੀਏ ਵਿਚ ਜੇਕਰ ਪਾਕਿਸਤਾਨ ਦਾ ਹਿੱਸਾ ਵਧਾਇਆ ਨਹੀਂ ਜਾਂਦਾ ਤਾਂ ਉਹ ਨਵੇਂ ਮਾਲੀਏ ਮਾਡਲ ਨੂੰ ਸਵੀਕਾਰ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: