ਅਫਗਾਨਿਸਤਾਨ ਵਿਚ ਹਾਲ ਬਦਤਰ ਹੋ ਗਏ ਹਨ। ਭੁੱਖਮਰੀ ਦਾ ਇਹ ਹਾਲ ਹੈ ਕਿ ਲੋਕ ਆਪਣੇ ਭੁੱਖੇ ਬੱਚਿਆਂ ਨੂੰ ਸੁਲਾਉਣ ਲਈ ਨੀਂਦ ਦੀ ਦਵਾਈ ਦੇ ਰਹੇ ਹਨ। ਕਈ ਲੋਕ ਤਾਂ ਖਾਣ ਲਈ ਆਪਣੀਆਂ ਧੀਆਂ ਤੇ ਕਿਡਨੀਆਂ ਵੀ ਵੇਚ ਰਹੇ ਹਨ। ਇਸ ਦਾ ਕਾਰਨ ਤਾਲਿਬਾਨ ਸਰਕਾਰ ਦੀ ਆਪਣੇ ਹੀ ਲੋਕਾਂ ਪ੍ਰਤੀ ਅਣਦੇਖੀ ਹੈ। ਪਿਛਲੇ ਸਾਲ ਕਬਜ਼ਾ ਕਰਨ ਦੇ ਬਾਅਦ ਤੋਂ ਇਥੇ ਵਿਦੇਸ਼ੀ ਮਦਦ ਨਹੀਂ ਮਿਲੀ ਹੈ।
ਅਫਗਾਨਿਸਤਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ਦੇ ਬਾਹਰ ਹਜ਼ਾਰਾਂ ਲੋਕ ਕੱਚੇ ਘਰਾਂ ਵਿੱਚ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਇੱਥੇ ਰਹਿਣ ਵਾਲੇ ਅਬਦੁਲ ਵਹਾਬ ਦਾ ਕਹਿਣਾ ਹੈ ਕਿ ਮਹੀਨੇ ਦੇ ਜ਼ਿਆਦਾਤਰ ਦਿਨ ਪਰਿਵਾਰ ਇੱਕ ਰੋਟੀ ਦਾ ਵੀ ਪ੍ਰਬੰਧ ਨਹੀਂ ਕਰ ਪਾਉਂਦਾ। ਸਾਡੇ ਬੱਚੇ ਭੁੱਖ ਨਾਲ ਰੋਂਦੇ ਹਨ ਅਤੇ ਰਾਤ ਨੂੰ ਸੌਂ ਨਹੀਂ ਸਕਦੇ। ਇਸ ਕਾਰਨ ਉਹ ਫਾਰਮੇਸੀ ਤੋਂ ਨੀਂਦ ਦੀ ਦਵਾਈ ਲਿਆਉਂਦਾ ਹੈ। ਉੱਥੇ ਰਹਿਣ ਵਾਲੇ ਲਗਭਗ ਜ਼ਿਆਦਾਤਰ ਲੋਕ ਅਜਿਹਾ ਕਰਦੇ ਹਨ।
ਭੁੱਖਮਰੀ ਤੋਂ ਬਚਣ ਲਈ ਛੋਟੀ ਉਮਰ ਵਿੱਚ ਵਿਆਹ ਦੇ ਨਾਂ ‘ਤੇ ਵੇਚੀਆਂ ਜਾ ਰਹੀਆਂ ਲੜਕੀਆਂ ਤੋਂ 2 ਤੋਂ 2.5 ਲੱਖ ਰੁਪਏ ਤੱਕ ਵਸੂਲੇ ਜਾ ਰਹੇ ਹਨ। ਨਿਜ਼ਾਮੂਦੀਨ ਨੇ ਦੱਸਿਆ ਕਿ ਮਜਬੂਰੀ ‘ਚ ਉਸ ਨੂੰ ਆਪਣੀ 5 ਸਾਲਾ ਬੇਟੀ ਨੂੰ 90,000 ਰੁਪਏ ‘ਚ ਵੇਚਣਾ ਪਿਆ।
ਪੱਛਮੀ ਅਫਗਾਨਿਸਤਾਨ ‘ਚ ਫਾਹਿਮਾ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੀਆਂ 6 ਸਾਲ ਦੀ ਅਤੇ 1.5 ਸਾਲ ਦੀ ਬੇਟੀ ਨੂੰ ਉਸ ਦੇ ਪਤੀ ਨੇ ਵੇਚ ਦਿੱਤਾ ਸੀ। ਵੱਡੀ ਧੀ ਦੀ ਕੀਮਤ 3350 ਡਾਲਰ (ਕਰੀਬ 2.5 ਲੱਖ ਰੁਪਏ) ਸੀ, ਜਦਕਿ ਛੋਟੀ ਲੜਕੀ ਦੇ ਬਦਲੇ ਉਨ੍ਹਾਂ ਨੂੰ 2800 ਡਾਲਰ (ਕਰੀਬ 2.1 ਲੱਖ ਰੁਪਏ) ਮਿਲੇ ਸਨ। ਇਹ ਪੈਸਾ ਵੀ ਇਕਮੁਸ਼ਤ ਨਹੀਂ ਦਿੱਤਾ ਜਾਂਦਾ, ਸਗੋਂ ਲੜਕੀ ਨੂੰ ਖਰੀਦਣ ਵਾਲੇ ਪਰਿਵਾਰ ਕਿਸ਼ਤਾਂ ਵਿਚ ਅਦਾ ਕਰਨਗੇ।
ਗਰੀਬਾਂ ਲਈ ਕੈਂਪ ਵਿੱਚ ਅਬਦੁਲ ਰਹੀਮ ਅਕਬਰ ਗਰੀਬ ਲੋਕਾਂ ਨੂੰ ਰੋਟੀ ਜਾਂ ਹੋਰ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੇ ਭੁੱਖਮਰੀ ਕਾਰਨ ਧੀਆਂ ਦੇ ਵੇਚੇ ਜਾਣ ਦੇ ਕਈ ਮਾਮਲਿਆਂ ਤੋਂ ਬਾਅਦ ਸਥਾਨਕ ਤਾਲਿਬਾਨ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਹੈ ਪਰ ਤਾਲਿਬਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਲ ਵਿਆਹ ਤਾਲਿਬਾਨ ਦੀ ਸਮੱਸਿਆ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਭੁੱਖ ਨਾਲ ਨਜਿੱਠਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। 20 ਸਾਲਾ ਅੰਮਰ (ਕਾਲਪਨਿਕ ਨਾਂ) ਨੇ ਦੱਸਿਆ ਕਿ ਪਰਿਵਾਰ ਨੂੰ ਜ਼ਿੰਦਾ ਰੱਖਣ ਦੇ ਦਬਾਅ ਹੇਠ ਉਸ ਨੇ ਤਿੰਨ ਮਹੀਨੇ ਪਹਿਲਾਂ 2.5 ਲੱਖ ਰੁਪਏ ਵਿਚ ਆਪਣਾ ਗੁਰਦਾ ਵੇਚ ਦਿੱਤਾ ਸੀ।