ਪੰਜਾਬ ਦੇ ਸਿੱਖਿਆ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਕੇਜਰੀਵਾਲ ‘ਤੇ ਵੱਡਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਰ. ਟੀ. ਆਈ. ਜ਼ਰੀਏ ਕੇਜਰੀਵਾਲ ਸਰਕਾਰ ਵੱਲੋਂ ਪਿਛਲੇ 6 ਸਾਲਾਂ ਵਿਚ ਨੌਕਰੀਆਂ ਦੇ ਦਾਅਵੇ ਦਾ ਸਾਰਾ ਚਿੱਠਾ ਖੋਲ੍ਹ ਦਿੱਤਾ ਹੈ।
ਪ੍ਰਗਟ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਨੇ 8 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਆਰ. ਟੀ. ਆਈ. ਮੁਤਾਬਕ 6 ਸਾਲਾਂ ਵਿਚ ਸਿਰਫ 440 ਨੌਕਰੀਆਂ ਹੀ ਦਿੱਤੀਆਂ ਗਈਆਂ। ਸੱਚਾਈ ਤਾਂ ਇਹ ਹੈ ਕਿ ਇਸ ਦੇ ਵਿਗਿਆਪਨਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ।
ਪ੍ਰਗਟ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਦੇ 1060 ਸਕੂਲਾਂ ਵਿੱਚੋਂ 760 ਵਿੱਚ ਪ੍ਰਿੰਸੀਪਲਾਂ ਤੇ 1844 ਵਿੱਚੋਂ 479 ਵਾਈਸ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਦਿੱਲੀ ਦੇ ਸਕੂਲਾਂ ਵਿੱਚ ਨਾਨ-ਟੀਚਿੰਗ ਸਟਾਫ਼ ਦੀਆਂ 41% ਅਸਾਮੀਆਂ ਖਾਲੀ ਹਨ। ਹੋਰ ਅੱਗੇ ਦੱਸਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ‘ਚ ਵਿਦਿਆਰਥੀ-ਅਧਿਆਪਕ ਅਨੁਪਾਤ 35:1 ਹੈ, ਮਤਲਬ 35 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੈ, ਜਦੋਂ ਕਿ ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24:1 ਹੈ, ਜੋ ਕਿ ਭਾਰਤ ਵਿੱਚ ਸਭ ਤੋਂ ਵਧੀਆ ਅਨੁਪਾਤ ਵਿੱਚੋਂ ਇੱਕ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਅਗਲੇ ਟਵੀਟ ਵਿਚ ਪ੍ਰਗਟ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪਿਛਲੇ 6 ਸਾਲਾਂ ਵਿਚ ਕੋਈ ਵੀ ਨਵਾਂ ਸਰਕਾਰੀ ਸਕੂਲ ਨਹੀਂ ਖੋਲ੍ਹਿਆ ਗਿਆ ਹੈ ਜਦ ਕਿ ਚੋਣ ਮੈਨੀਫੈਸਟੋ (2015) ‘ਚ 500 ਨਵੇਂ ਸਰਕਾਰੀ ਸਕੂਲਾਂ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ।
ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੇ ਪਿਛਲੇ 4 ਸਾਲਾਂ ‘ਚ 90,000 ਦੇ ਕਰੀਬ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਹੈ। ਉਮੀਦ ਹੈ ਕਿ ਦਸੰਬਰ ਤੱਕ ਲਗਭਗ 20,000 ਦੀ ਭਰਤੀ ਹੋ ਜਾਵੇਗੀ। ਇਨ੍ਹਾਂ ਵਿੱਚੋਂ 10,000 ਮਾਸਟਰ ਕਾਡਰ ਅਤੇ 2000 ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।