ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਅੱਜ 2022 ਦੀਆਂ ਵਿਧਾਨਸਭਾ ਚੋਣਾਂ ਦੇ ਸਿਲਸਿਲੇ ‘ਚ ਆਪਣੇ ਸੁਝਾਅ ਦੇਣ ਲਈ ਹਰੀਸ਼ ਰਾਵਤ ਨੂੰ ਚੰਡੀਗੜ੍ਹ ‘ਚ ਮਿਲੇ ਤੇ ਇਸ ਮੌਕੇ ਉਨ੍ਹਾਂ ਨੇ ਮੌਜੂਦਾ ਹਲਾਤਾਂ ਦੀਆਂ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਵਿਖੇ ਹਰੀਸ਼ ਰਾਵਤ ਦੀ ਬੈਠਕ ਹੋਈ। ਇਹ ਬੈਠਕ ਲਗਭਗ 3 ਘੰਟੇ ਚੱਲੀ। ਇਸ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਮੰਤਰੀਆਂ ਦੀ ਨਾਰਾਜ਼ਗੀ ਦੱਸ ਦਿੱਤੀ ਹੈ। ਦੂਜੇ ਪਾਸੇ ਕੱਲ੍ਹ ਰਾਤ ਮੀਟਿੰਗ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ ਹੋਏ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਨਾਲ 18 ਨੁਕਾਤੀ ਏਜੰਡੇ ਤੇ ਗੱਲਬਾਤ ਹੋਈ ਹੈ। ਬਿਜਲੀ ਸਮਝੌਤਿਆਂ ਦੇ ਮੁੱਦੇ ‘ਤੇ ਰਾਵਤ ਨੇ ਕਿਹਾ ਕਿ ਕਾਨੂੰਨੀ ਪੱਖ ਦੇ ਕਾਰਨ ਇਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਇਸ ਮੀਟਿੰਗ ਦੌਰਾਨ ਰਾਵਤ ਨੇ ਬੇਅਦਬੀ, ਦਵਾਈਆਂ, ਆਵਾਜਾਈ, ਬਿਜਲੀ ਸਮਝੌਤੇ, ਖੇਤੀਬਾੜੀ ਕਾਨੂੰਨ ਆਦਿ ‘ਤੇ ਲੰਮੀ ਚਰਚਾ ਕੀਤੀ। ਰਾਵਤ ਮੀਟਿੰਗ ਤੋਂ ਬਾਅਦ ਕੈਪਟਨ ਤੋਂ ਕਾਫੀ ਸੰਤੁਸ਼ਟ ਦਿਖਾਈ ਦਿੱਤੇ। ਨਵਜੋਤ ਸਿੱਧੂ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਮਝੌਤਿਆਂ ਨੂੰ ਰੱਦ ਕੀਤੇ ਜਾਣ ਦੇ ਮੁੱਦੇ ਬਾਰੇ ਰਾਵਤ ਨੇ ਸਪੱਸ਼ਟ ਕੀਤਾ ਕਿ ਇਹ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ, ਕਿਉਂਕਿ ਇਸ ਵਿੱਚ ਬਹੁਤ ਸਾਰੇ ਕਾਨੂੰਨੀ ਪਹਿਲੂ ਹਨ। ਹੋਰ ਮੁੱਦਿਆਂ ‘ਤੇ, ਰਾਵਤ ਨੂੰ ਵੀ ਕੈਪਟਨ ਦੀ ਸੁਰ ਨਾਲ ਇਕਸੁਰਤਾ ਵਿਚ ਦੇਖਿਆ ਗਿਆ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਹਰੀਸ਼ ਰਾਵਤ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਹ ਮੁੜ ਰਾਜਪਾਲ ਨਾਲ ਮੁਲਾਕਾਤ ਕਰਨ |
ਜਦੋਂ ਰਾਵਤ ਮੁੱਖ ਮੰਤਰੀ ਨਾਲ ਮੀਟਿੰਗ ਕਰ ਰਹੇ ਸਨ, ਉਸ ਸਮੇਂ ਸਿੱਧੂ ਦਿੱਲੀ ਪਹੁੰਚੇ ਸਨ ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਸਿੱਧੂ ਦਿੱਲੀ ਕਿਉਂ ਗਏ ਹਨ। ਸਿੱਧੂ ਨੇ ਰਾਵਤ ਨਾਲ ਇੱਕ ਦਿਨ ਪਹਿਲਾਂ ਕਰੀਬ 3 ਘੰਟੇ ਮੀਟਿੰਗ ਕੀਤੀ ਸੀ। ਇਸ ਮੁਲਾਕਾਤ ਦੇ ਦੌਰਾਨ ਰਾਵਤ ਨੇ ਸਿੱਧੂ ਨੂੰ ਦੋ-ਟੁਕ ਕਿਹਾ ਸੀ ਕਿ ਉਨ੍ਹਾਂ ਨੂੰ ਸੰਗਠਨ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਉਸਨੂੰ ਸਰਕਾਰ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਰਾਵਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸੰਗਠਨ ਅਤੇ ਸਰਕਾਰ ਇਕੱਠੇ ਚੱਲਦੇ ਹਨ ਤਾਂ 2022 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਦੇ 497 ਹੈੱਡ ਕਾਂਸਟੇਬਲਾਂ ਨੂੰ ਮਿਲੀ ਤਰੱਕੀ, ਬਣੇ ਅਸਿਸਟੈਂਟ ਸਬ-ਇੰਸਪੈਕਟਰ, ਦੇਖੋ ਲਿਸਟ