ਖਟਕੜ ਕਲਾਂ : ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਰਹੇ ਹਨ। ਸਹੁੰ ਚੁੱਕ ਸਮਾਰੋਹ ਸਥਾਨ ‘ਤੇ ਮੰਚ ਤੋਂ ਲੋਕਾਂ ਦਾ ਸੰਬੋਧਨ ਵੀ ਸ਼ੁਰੂ ਹੋ ਚੁੱਕਾ ਹੈ। ਵਿਸ਼ਾਲ ਮੰਚ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਸਹੁੰ ਚੁੱਕ ਸਮਾਰੋਹ ਲਈ ਲੋਕ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ। ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹੀ ਲੋਕ ਨਵੇਂ ਮੁੱਖ ਮੰਤਰੀ ਬਣਨ ਦੀ ਇੱਕ-ਦੂਜੇ ਨੂੰ ਵਧਾਈ ਦਿੰਦੇ ਉਮੀਦ ਪ੍ਰਗਟਾ ਰਹੇ ਹਨ ਕਿ ਉਹ ਉਨ੍ਹਾਂ ਦੀਆਂ ਆਸਾਂ ‘ਤੇ ਖਰ੍ਹਾ ਉਤਰਨ। ਸੂਬੇ ਤੋਂ ਬਾਹਰੋਂ ਵੀ ਕਈ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੂਜੀਆਂ ਪਾਰਟੀਆਂ ਦੇ ਨੇਤਾਵਾਂ ਤੇ ਕਈ ਕਲਕਾਰਾਂ ਤੇ ਫਿਲਮੀ ਹਸਤੀਆਂ ਨੂੰ ਵੀ ਸਮਾਰੋਹ ਵਿੱਚ ਸੱਦਾ ਦਿੱਤਾ ਗਿਆ ਹੈ। ਗਾਇਕੀ ਤੋਂ ਕਾਂਗਰਸ ਵਿੱਚ ਜਾ ਸਿਆਸਤ ਸ਼ੁਰੂ ਕਰਨ ਵਾਲੇ ਮੁਹੰਮਦ ਸਦੀਕ ਵੀ ਸਮਾਰੋਹ ਵਿੱਚ ਪਹੁੰਚ ਚੁੱਕੇ ਹਨ।
ਖਟਕੜ ਕਲਾਂ ਵਿੱਚ ਸਮਾਗਮ ਲਈ ਆਮ ਆਦਮੀ ਪਾਰਟੀ ਵੱਲੋਂ ਵੱਧ ਤੋਂ ਵੱਧ ਲੋਕਾਂ ਦੇ ਪੁੱਜਣ ਦੇ ਪ੍ਰਬੰਧ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ 70 ਹਜ਼ਾਰ ਲੋਕਾਂ ਲਈ ਚਾਹ ਬਣਾਈ ਗਈ ਹੈ। ਇਸ ਚਾਹ ਨੂੰ ‘ਆਮ ਆਦਮੀ ਦੀ ਜਿੱਤ ਦੀ ਚਾਹ’ ਕਿਹਾ ਜਾ ਰਿਹਾ ਹੈ।
ਚਾਹ ਤੋਂ ਇਲਾਵਾ ‘ਆਪ’ ਵਰਕਰਾਂ ਨੇ ਨਾਸ਼ਤੇ ‘ਚ ਟੋਸਟ ਤੇ ਪਕੌੜੇ ਵੀ ਬਣਾਏ। 100 ਕੁਇੰਟਲ ਤੋਂ ਵੱਧ ਪਕੌੜੇ ਕੱਢੇ ਜਾ ਰਹੇ ਹਨ। ਲੋਕਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ। ਪਾਰਕਿੰਗ ਸਥਾਨਾਂ ਦੇ ਕੋਲ ਖੇਤਾਂ ਵਿੱਚ ਲੰਗਰ ਬਣਾਇਆ ਜਾ ਰਿਹਾ ਹੈ।
ਸਹੁੰ ਚੁੱਕ ਸਮਾਗਮ ਲਈ ਪੰਡਾਲ 3 ਲੱਖ ਵਰਗ ਫੁੱਟ ਦੇ ਖੇਤਰ ਵਿੱਚ ਬਣਾਇਆ ਗਿਆ ਹੈ। ਜਿੱਥੇ 2 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। 100 ਏਕੜ ਜ਼ਮੀਨ ’ਤੇ 8 ਪਾਰਕਿੰਗਾਂ ਤਿਆਰ ਕੀਤੀਆਂ ਗਈਆਂ ਹਨ। ਜਿੱਥੇ ਕਾਰਾਂ ਪਾਰਕ ਕੀਤੀਆਂ ਜਾ ਰਹੀਆਂ ਹਨ।
ਸਕਰੀਨ ਰਾਹੀਂ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ। ਨਿਊਜ਼ ਚੈਨਲ ਵੀ ਇਸ ਨੂੰ ਕਵਰ ਕਰ ਰਹੇ ਹਨ। ਗੇਂਦੇ ਤੇ ਗੁਲਾਬ ਸਣੇ ਕਈ ਕਿਸਮਾਂ ਦੇ ਫੁੱਲ ਵੱਡੀ ਗਿਣਤੀ ਵਿੱਚ ਮੰਗਵਾਏ ਗਏ ਹਨ, ਜੋ ਕਿ ਟਰੱਕ ਰਾਹੀਂ ਲਿਆਂਦੇ ਗਏ ਸਨ।
ਪਹਿਲੇ ਮੰਚ ‘ਤੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਬੀ.ਐੱਲ. ਪੁਰੋਹਿਤ ਹੋਣਗੇ। ਦੂਜੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਬੈਠੇਗੀ। ਤੀਜੇ ‘ਤੇ ਪੰਜਾਬ ਦੇ ਸਾਰੇ 116 ਵਿਧਾਇਕਾਂ ਲਈ ਕੁਰਸੀਆਂ ਲਾਈਆਂ ਗਈਆਂ ਹਨ। ਸੁਰੱਖਿਆ ਲਈ ਲਗਭਗ 10 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ।