ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਵਿਸ਼ਵ ਚੈਂਪੀਅਨ ਬਣ ਗਈ ਹੈ। 52 ਕਿਲੋਗ੍ਰਾਮ ਕੈਟੇਗਰੀ ਵਿੱਚ ਨਿਖਤ ਜ਼ਰੀਨ ਨੇ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਤੇਲੰਗਾਨਾ ਦੀ ਮੁੱਕੇਬਾਜ਼ ਭਾਰਤ ਦੀ ਅਜਿਹੀ ਪੰਜਵੀਂ ਮਹਿਲਾ ਮੁੱਕਬਾਜ਼ ਹੈ ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ ਹੈ। ਨਿਖਤ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਕੋਵਿੰਦ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿਚ ਲਿਖਿਆ ਕਿ ‘ਨਿਖਤ ਜ਼ਰੀਨ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸੋਨ ਤਮਗਾ ਜਿੱਤਣ ‘ਤੇ ਵਧਾਈ। ਮੈਂ ਮਨੀਸ਼ਾ ਮੌਨ ਤੇ ਪ੍ਰਵੀਨ ਹੁੱਡਾ ਨੂੰ ਵੀ ਇਸ ਪ੍ਰਤੀਯੋਗਤਾ ਵਿਚ ਕਾਂਸੇ ਦਾ ਤਮਗਾ ਜਿੱਤਣ ਲਈ ਵਧਾਈ ਦਿੰਦਾ ਹਾਂ।”
ਰਾਸ਼ਟਰਪਤੀ ਨੇ ਟਵਿੱਟਰ ‘ਤੇ ਲਿਖਿਆ, “ਨਿਖਤ ਜ਼ਰੀਨ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਲਈ ਦਿਲੋਂ ਵਧਾਈ। ਦੇਸ਼ ਨੂੰ ਉਸ ‘ਤੇ ਮਾਣ ਹੈ। ਮੈਨੂੰ ਭਰੋਸਾ ਹੈ ਕਿ ਉਸ ਦੀ ਸਫਲਤਾ ਸਾਡੇ ਨੌਜਵਾਨਾਂ, ਖਾਸ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗੀ। ਮੈਂ ਚਾਹੁੰਦਾ ਹਾਂ ਕਿ ਉਹ ਦੇਸ਼ ਦਾ ਨਾਂ ਰੌਸ਼ਨ ਕਰਦੀ ਰਹੇ।”
ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਮਹਿਲਾ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ‘ਤੇ ਨਿਖਤ ਜ਼ਰੀਨ ਨੂੰ ਵਧਾਈ। ਭਾਰਤ ਨੂੰ ਤੁਹਾਡੀ ਉਪਲਬਧੀ ‘ਤੇ ਮਾਣ ਹੈ ਤੁਹਾਡੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ।
ਨਿਖਤ ਜ਼ਰੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ । ਨਿਖਤ ਜ਼ਰੀਨ ਨੇ 2019 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦਕਿ ਇਸੇ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਉਨ੍ਹਾਂ ਨੇ ਬ੍ਰਾਜ਼ੀਲ ਦੀ ਕੈਰੋਲਿਨ ਡੀ ਅਲਮੀਡਾ ਨੂੰ 5-0 ਨਾਲ ਹਰਾਇਆ ਸੀ । 25 ਸਾਲਾ ਨਿਖਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪੰਜਵੀਂ ਭਾਰਤੀ ਮਹਿਲਾ ਮੁੱਕੇਬਾਜ਼ ਹੈ । ਮੁੱਕੇਬਾਜ਼ੀ ਦੀ ਦਿੱਗਜ ਮੈਰੀਕਾਮ ਨੇ ਇਸ ਚੈਂਪੀਅਨਸ਼ਿਪ ਵਿੱਚ 6 ਵਾਰ ਸੋਨ ਤਗਮਾ ਜਿੱਤ ਕੇ ਰਿਕਾਰਡ ਬਣਾਇਆ ਹੈ । ਭਾਰਤ ਵੱਲੋਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਐਮਸੀ ਮੈਰੀਕਾਮ, ਸਰਿਤਾ ਦੇਵੀ, ਜੈਨੀ ਆਰਐਲ ਅਤੇ ਲੇਖਾ ਸੀ ਨੇ ਸੋਨ ਤਗਮੇ ਜਿੱਤੇ ਹਨ । ਹੁਣ ਇਸ ਲਿਸਟ ਵਿੱਚ ਨੌਜਵਾਨ ਮੁੱਕੇਬਾਜ਼ ਨਿਖਤ ਜ਼ਰੀਨ ਦਾ ਨਾਂ ਵੀ ਜੁੜ ਗਿਆ ਹੈ।