ਪੰਜਾਬ ਦੇ ਲੁਧਿਆਣਾ ‘ਚ ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਅੰਤਰਰਾਜੀ ਗਰੋਹ ਨਾਲ ਸਬੰਧਤ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅੱਠ ਪਿਸਤੌਲ, 14 ਮੈਗਜ਼ੀਨ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ। ਸਾਰਿਆਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
SSP ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਗੁਰਦੁਆਰਾ ਮੰਜੀ ਸਾਹਿਬ ਤੋਂ ਬੀਜਾ ਵੱਲ ਗਸ਼ਤ ਕਰ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਚਾਰ ਤੋਂ ਪੰਜ ਅਣਪਛਾਤੇ ਨੌਜਵਾਨ ਚਿੱਟੇ ਰੰਗ ਦੀ ਹੁੰਡਈ ਵੈਨਿਊ ਕਾਰ ਨੰਬਰ PB-18X-8135 ਵਿੱਚ ਦਿੱਲੀ ਵਾਲੇ ਪਾਸੇ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਜੀਟੀ ਰੋਡ ’ਤੇ ਪਿੰਡ ਮੰਡਿਆਲਾ ਕਲਾਂ ਨੇੜੇ ਕਾਰ ਸਮੇਤ ਰੋਕਿਆ। ਪੁਲਿਸ ਨੇ ਇਨ੍ਹਾਂ ਕੋਲੋਂ 1-1 ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ ਕਾਰ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਹਰਦੇਵ ਸਿੰਘ ਉਰਫ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਧਰਮਪ੍ਰੀਤ ਸਿੰਘ ਉਰਫ ਮੋਟਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਹਰਦੇਵ ਸਿੰਘ, ਰਵਿੰਦਰਪਾਲ ਸਿੰਘ ਅਤੇ ਧਰਮਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਇਰਾਦਾ-ਏ-ਕਤਲ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੇਸ ਦਰਜ ਹਨ। ਦੂਜੇ ਪਾਸੇ ਚੌਥੇ ਮੁਲਜ਼ਮ ਮਨਪ੍ਰੀਤ ਸਿੰਘ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ। ਉਹ ਕਿਸੇ ਗਿਰੋਹ ਨਾਲ ਸਬੰਧਤ ਵੀ ਨਹੀਂ ਹੈ। 15 ਮਈ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀਆਂ ਨੂੰ 4 ਦਿਨ ਦੇ ਰਿਮਾਂਡ ‘ਤੇ ਲਿਆ ਗਿਆ।
ਮੁਲਜ਼ਮ ਹਰਦੇਵ ਸਿੰਘ ਉਰਫ ਦੇਵ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਵਿੱਤਰ-ਹੁਸਨਦੀਪ ਗਰੋਹ ਦੇ ਸੰਪਰਕ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਆਇਆ ਸੀ। ਜਿਸ ਤੋਂ ਬਾਅਦ ਉਸ ਨੇ ਅੰਤਰਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਵੱਡੇ ਪੱਧਰ ‘ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਹਰਦੇਵ ਸਿੰਘ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧਰਮਈਆ ਕਰਨਾਟਕ CM ਤੇ ਸ਼ਿਵਕੁਮਾਰ ਡਿਪਟੀ CM ਬਣੇ, 8 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਮੁਲਜ਼ਮ ਰਵਿੰਦਰਪਾਲ ਸਿੰਘ ਕੋਲੋਂ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਖੇਤਾਂ ’ਚ ਬਣੇ ਡੇਰੇ ’ਚੋਂ 3 ਪਿਸਤੌਲ, 32 ਬੋਰ, 5 ਮੈਗਜ਼ੀਨ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਰਵਿੰਦਰਪਾਲ ਸਿੰਘ ਨੇ ਇਹ ਹਥਿਆਰ ਜ਼ਿਲ੍ਹਾ ਇੰਦੌਰ ਤੋਂ ਆਪਣੇ ਇੱਕ ਜੇਲ੍ਹ ਵਿੱਚ ਬੰਦ ਸਾਥੀ ਰਾਹੀਂ ਖਰੀਦੇ ਹਨ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਜੇਲ੍ਹ ਤੋਂ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜੇਲ੍ਹ ਤੋਂ ਲਿਆਂਦੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ 2 ਪਿਸਤੌਲ 32 ਬੋਰ, 5 ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਕਈ ਜ਼ਿਲ੍ਹਿਆਂ ਵਿੱਚ ਕੇਸ ਦਰਜ ਹਨ। ਮੁਲਜ਼ਮਾਂ ਨੇ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜੋ ਕਿ ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਸਮੇਂ ਸਿਰ ਟਲ ਗਿਆ।
ਵੀਡੀਓ ਲਈ ਕਲਿੱਕ ਕਰੋ -: