ਅੰਮ੍ਰਿਤਸਰ ਵਿਚ ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਗੱਡੀ ਹੇਠਾਂ ਆਈਈਡੀ ਬੰਬ ਲਗਾਉਣ ਦੇ ਮਾਮਲੇ ਵਿਚ ਰੋਪੜ ਜ਼ਿਲ੍ਹੇ ਦੇ ਪਿੰਡ ਗੜਬਾਗਾ ਦੇ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।ਉਨ੍ਹਾਂ ਨੇ ਬੰਬ ਲਗਾਉਣ ਵਾਲੇ ਨੂੰ ਪਨਾਹ ਦਿੱਤੀ ਸੀ। ਇਨ੍ਹਾਂ ਵਿਚੋਂ ਇਕ ਦੋਸ਼ੀ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਤੇ ਦੂਜੇ ਖਿਲਾਫ ਨੂਰਪੁਰਬੇਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਮੁਲਜ਼ਮ ਯੁਵਰਾਜ ਕੋਲੋਂ ਪੁਲਿਸ ਨੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਕ ਡੈਟੋਨੇਟਰ ਅਤੇ ਆਈਈਡੀ ਦਾ ਬੱਚਿਆ ਹੋਇਆ ਮਟੀਰੀਅਲ ਵੀ ਬਰਾਮਦ ਕੀਤਾ ਹੈ।
ਪੁੱਛਗਿਛ ਵਿਚ ਯੁਵਰਾਜ ਸੱਭਰਵਾਲ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਖਬੀਰ ਲੰਡਾ ਦੇ ਸੰਪਰਕ ਵਿਚ ਹੈ। ਇੱਥੇ ਪੰਜਾਬ ਵਿਚ ਲੰਡੇ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਹਨ।
ਗੈਂਗਸਟਰ ਲਖਬੀਰ ਲੰਡਾ ਆਪਣੇ ਕਰੀਬੀਆਂ ਨੂੰ ਗੈਂਗਸਟਰ ਬਣਾਉਣ ਅਤੇ ਬੰਬ ਧਮਾਕਿਆਂ ’ਚ ਵਰਤ ਰਿਹਾ ਹੈ। ਯੁਵਰਾਜ ਨੇ ਦੱਸਿਆ ਕਿ ਇਸ ਦੇ ਲਈ ਲੰਡਾ ਨੇ ਕਰੀਬ ਇਕ ਸਾਲ ਪਹਿਲਾਂ ਉਸ ਨੂੰ ਕਿਹਾ ਸੀ ਕਿ ਉਹ ਆਪਣੇ ਵਰਗੇ ਦੇਸ਼ ਖ਼ਿਲਾਫ਼ ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਨੌਜਵਾਨਾਂ ਨੂੰ ਤਿਆਰ ਕਰੇ ਤਾਂ ਕਿ ਪਾਕਿਸਤਾਨ ਵਿਚ ਬੈਠੇ ਆਈਐੱਸਆਈ ਏਜੰਟ ਹਰਵਿੰਦਰ ਸਿੰਘ ਉਰਫ਼ ਰਿੰਦਾ ਸੰਧੂ ਦੇ ਇਸ਼ਾਰੇ ’ਤੇ ਇੱਥੇ ਆਈਈਡੀ ਭੇਜ ਕੇ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਦੀਆਂ ਗੱਡੀਆਂ ਵਿਚ ਬੰਬ ਫਿੱਟ ਕੀਤੇ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸੇ ਕੇਸ ਵਿਚ ਇਕ ਹੋਰ ਮੁਲਜ਼ਮ ਸਤਨਾਮ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਉਸ ਨੇ ਪੁੱਛਗਿਛ ਵਿਚ ਦੱਸਿਆ ਕਿ ਲਖਬੀਰ ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਲੜਕਿਆਂ ਦੀ ਵਰਤੋਂ ਕਰਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।