ਮਾਨਸਾ ਦੇ ਕਸਬਾ ਬੁਢਲਾਡਾ ਵਿਚ 15 ਦਸੰਬਰ ਵਾਲੇ ਦਿਨ ਇੱਕ ਘਰ ਵਿਚ ਲੁੱਟ ਦੀ ਨੀਅਤ ਨਾਲ ਵੜੇ ਲੁਟੇਰਿਆਂ ਨੇ 60 ਸਾਲਾ ਬਜ਼ੁਰਗ ਔਰਤ ਦਾ ਲੱਕੜੀ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਸੀ। ਬੁਢਲਾਡਾ ਦੇ ਏ. ਐੱਸ. ਪੀ. ਦੀ ਅਗਵਾਈ ਵਿਚ ਗਠਿਤ ਦੀ ਪੁਲਿਸ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਕੋਲੋਂ ਚੋਰੀ ਕੀਤਾ ਸਾਮਾਨ ਤੇ ਵਾਰਦਾਤ ਵਿਚ ਵਰਤਿਆ ਗਿਆ ਘੋਟਣਾ ਵੀ ਬਰਾਮਦ ਕਰ ਲਿਆ ਹੈ।
ਬੁਢਲਾਡਾ ਦੇ ਏ. ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਡੇ ਕੋਲ ਇੱਕ ਦੋਸ਼ੀ ਬਲਵਾਨ ਸਿੰਘ ਸੀ, ਜਿਸ ਨੂੰ ਪਤਾ ਸੀ ਕਿ ਸੋਮਾ ਦੇਵੀ ਕੋਲ ਕਾਫੀ ਗਹਿਣੇ ਹਨ ਅਤੇ ਉਸ ਨੇ ਮੁਨੀਸ਼ ਕੁਮਾਰ ਉਰਫ ਸੋਨੂੰ ਨੂੰ ਚੋਰੀ ਕਰਨ ਲਈ ਕਿਹਾ ਜਿਸ ‘ਤੇ ਦੁਪਿਹਰ ਸਮੇਂ ਬੱਕਰੀਆਂ ਖਰੀਦਣ ਦੇ ਬਹਾਨੇ ਸੋਮਾ ਦੇਵੀ ਦੇ ਘਰ ਗਿਆ ਤੇ ਘਰ ਦੀ ਰੇਕੀ ਕਰਨ ਤੋਂ ਬਾਅਦ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਸ਼ਾਮ ਦੇ ਸਮੇਂ ਸੋਨੂੰ ਆਪਣੇ ਸਾਥੀ ਵਿਜੇ ਨੂੰ ਲੈ ਕੇ ਦੁਬਾਰਾ ਸੋਮਾ ਦੇਵੀ ਦੇ ਘਰ ਗਿਆ ਅਤੇ ਇਨ੍ਹਾਂ ਨੇ ਸੋਮਾ ਦੇਵੀ ਦਾ ਮੂੰਹ ਚੁੰਨੀ ਨਾਲ ਬੰਦ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸੋਮਾ ਦੇਵੀ ਦੇ ਰੌਲਾ ਪਾਉਣ ਕਾਰਨ ਉਨ੍ਹਾਂ ਨੇ ਘਰ ਵਿਚ ਪਏ ਘੋਟਣ ਦੀ ਮਦਦ ਨਾਲ ਸੋਮਾ ਦੇਵੀ ਦੇ ਸਿਰ ‘ਤੇ 3 ਵਾਰ ਕੀਤੇ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਨ੍ਹਾਂ ਨੇ ਕਟਰ ਦੀ ਮਦਦ ਨਾਲ ਤਾਲਾ ਤੋੜ ਕੇ ਘਰ ਵਿਚੋਂ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ 2 ਦਿਨਾਂ ਵਿਚ ਅੰਨ੍ਹੇ ਕਤਲ ਕੇਸ ਦੇ ਮਾਮਲੇ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਵਾਰਦਾਤ ਵਿਚ ਵਰਤਿਆ ਗਿਆ ਘੋਟਣਾ ਮੌਕੇ ਤੋਂ ਬਰਾਮਦ ਕਰਨ ਤੋਂ ਇਲਾਵਾ ਇਨ੍ਹਾਂ ਦੋਸ਼ੀਆਂ ਕੋਲੋਂ ਚੋਰੀ ਕਰਕੇ ਜ਼ਮੀਨ ਵਿਚ ਦਬਾਏ ਗਏ ਗਹਿਣੇ ਵੀ ਬਰਾਮਦ ਕੀਤੇ ਗਏ ਹਨ।