ਇੱਕ ਪਾਸੇ ਤਪਦੀ ਗਰਮੀ ਤੋਂ ਸੂਬੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਦੂਜੇ ਪਾਸੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਦੂਭਰ ਕਰ ਦਿੱਤਾ ਹੋਇਆ ਹੈ ਪਰ ਇਨ੍ਹਾਂ ਸਭ ਦੇ ਦਰਮਿਆਨ ਇੱਕ ਹੋਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਲਹਿਰਾ ਮੁਹੱਬਤ ਦਾ ਇੱਕ ਹੋਰ ਯੂਨਿਟ ਬੰਦ ਹੋ ਗਿਆ ਹੈ।
ਦੱਸ ਦੇਈਏ ਕਿ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਪਹਿਲਾਂ ਤੋਂ ਹੀ ਬੰਦ ਹੈ ਤੇ ਜਿਹੜੇ ਦੋ ਯੂਨਿਟ ਚੱਲ ਰਹੇ ਹਨ ਉਹ ਵੀ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਦੀ ਹੈ, ਜਿਸ ਵਿਚੋਂ ਚੱਲ ਰਹੇ ਦੋਵੇਂ ਯੂਨਿਟ ਸਿਰਫ 312 ਮੈਗਾਵਾਟ ਹੀ ਬਿਜਲੀ ਪੈਦਾਵਾਰ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਤਾਪਘਰ ਵਿਚ ਸੁਆਹ ਨੂੰ ਵੱਖ ਕਰਨ ਵਾਲਾ ਵੱਡਾ ਯੰਤਰ ਅਚਾਨਕ ਡਿੱਗ ਪਿਆ, ਜਿਸ ਨਾਲ ਯੂਨਿਟ ਨੰਬਰ 2 ਵਿਚ ਵੱਡਾ ਨੁਕਸ ਪੈ ਗਿਆ ਹੈ, ਜਿਸ ਨੂੰ ਠੀਕ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਟੈਕਨੀਕਲ ਮਾਹਿਰਾਂ ਨੂੰ ਬੁਲਾਇਆ ਗਿਆ ਹੈ ਜੋ ਜਲਦ ਹੀ ਤਕਨੀਕੀ ਖਰਾਬੀ ਨੂੰ ਠੀਕ ਕਰਕੇ ਬੰਦ ਹੋਏ ਯੂਨਿਟ ਨੂੰ ਚਾਲੂ ਕਰਵਾਉਣਗੇ।
ਦੱਸ ਦੇਈਏ ਕਿ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਅਚਾਨਕ ਧਮਾਕਾ ਹੋਇਆ ਹੈ ਜਿਸ ਨਾਲ ਇੱਥੇ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਧਮਾਕੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੋਲ ਦੀ ਕਮੀ ਹੋਣ ਕਾਰਨ ਪੰਜਾਬ ਸਰਕਾਰ ਨੇ 1500 ਕਰੋੜ ਰੁਪਏ ਦਾ ਵਿਦੇਸ਼ੀ ਕੋਲਾ ਲੈ ਕੇ ਬਿਜਲੀ ਦੀ ਮੰਗ ਪੂਰੀ ਕੀਤੀ ਹੈ।