ਰੂਸ ਦੀ ਇੱਕ ਅਦਾਲਤ ਨੇ ਸੇਂਟ ਪੀਟਰਸਬਰਗ ਦੀ ਇੱਕ ਔਰਤ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਅਕਤੂਬਰ ਵਿੱਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਮਾਪਿਆਂ ਦੀ ਕਬਰ ਦੀ ਬੇਅਦਬੀ ਕਰਨ ਦਾ ਦੋਸ਼ੀ ਠਹਿਰਾਇਆ ਸੀ।
ਇਰੀਨਾ ਸਿਬਾਨੇਵਾ ਨਾਂ ਦੀ ਇਸ ਔਰਤ ਨੇ ਪੁਤਿਨ ਦੇ ਮਾਤਾ-ਪਿਤਾ ਦੀ ਕਬਰ ਦੇ ਕੋਲ ਇੱਕ ਨੋਟ ਛੱਡਿਆ ਸੀ। ਇਸ ਨੋਟ ਵਿੱਚ ਲਿਖਿਆ ਸੀ ਕਿ ਤੁਸੀਂ ਇੱਕ ਰਾਖਸ਼ ਅਤੇ ਇੱਕ ਕਾਤਲ ਨੂੰ ਪਾਲਿਆ ਹੈ। ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ ਇਰੀਨਾ ਨੇ ਇਹ ਸਭ ਸਿਆਸੀ ਨਫ਼ਰਤ ਕਾਰਨ ਕੀਤਾ।
ਸਰਕਾਰੀ ਵਕੀਲ ਨੇ ਔਰਤ ਲਈ 3 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਇਰੀਨਾ ਨੇ ਸਾਜ਼ਿਸ਼ ਦੇ ਤਹਿਤ ਪੁਤਿਨ ਦੇ ਪਰਿਵਾਰ ਦਾ ਅਪਮਾਨ ਕੀਤਾ। ਨੋਟ ‘ਚ ਔਰਤ ਨੇ ਪੁਤਿਨ ਦੇ ਮਾਤਾ-ਪਿਤਾ ਨੂੰ ਪਾਗਲ ਆਦਮੀ ਦੇ ਮਾਪੇ ਦੱਸਿਆ ਹੈ। ਉਸ ਨੇ ਇਹ ਵੀ ਲਿਖਿਆ, “ਪੁਤਿਨ ਦੁਨੀਆ ਲਈ ਮੁਸੀਬਤ ਪੈਦਾ ਕਰ ਰਿਹਾ ਹੈ। ਤੁਸੀਂ ਉਸ ਨੂੰ ਆਪਣੇ ਕੋਲ ਬੁਲਾ ਲਓ। ਪੂਰੀ ਦੁਨੀਆ ਦੁਆ ਕਰ ਰਹੀ ਹੈ ਕਿ ਪੁਤਿਨ ਮਰ ਜਾਵੇ।”
ਔਰਤ ਨੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕੀਤਾ। ਉਸ ਨੇ ਕਿਹਾ ਕਿ ਮੈਂ ਜੰਗ ਦੀਆਂ ਖਬਰਾਂ ਦੇਖ ਕੇ ਡਰ ਗਈ ਸੀ। ਮੇਰਾ ਡਰ ਇੰਨਾ ਵੱਧ ਗਿਆ ਸੀ ਕਿ ਮੈਂ ਇਸ ਨੂੰ ਰੋਕ ਨਹੀਂ ਸਕੀ। ਹੁਣ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਨੋਟ ਕਦੋਂ ਲਿਖਿਆ ਸੀ ਅਤੇ ਉਸ ਵਿੱਚ ਕੀ ਲਿਖਿਆ ਸੀ।
ਇਰੀਨਾ ਨੇ ਅੱਗੇ ਕਿਹਾ ਕਿ ‘ਮੈਨੂੰ ਅਫਸੋਸ ਏ, ਮੈਨੂੰ ਨਹੀਂ ਪਤਾ ਸੀ ਕਿ ਮੇਰੇ ਇਸ ਕਦਮ ਨਾਲ ਕਿਸੇ ਨੂੰ ਇੰਨੀ ਠੇਸ ਪਹੁੰਚੇਗੀ’। ਔਰਤ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਨਹੀਂ ਸੋਚਿਆ ਕਿ ਨੋਟ ਕਿਸੇ ਹੋਰ ਨੂੰ ਮਿਲੇਗਾ ਅਤੇ ਮਾਮਲਾ ਇਸ ਹੱਦ ਤੱਕ ਵਧ ਜਾਵੇਗਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਵਿਦੇਸ਼ਾਂ ‘ਚ ਵੀ ਹੋ ਰਹੀ ਤਾਰੀਫ਼
ਇਸ ਦੇ ਨਾਲ ਹੀ ਇਰੀਨਾ ਸਿਬਾਨੇਵ ਤੋਂ ਇਲਾਵਾ ਰੂਸ ਦੀ ਫੌਜੀ ਅਦਾਲਤ ਨੇ ਵੀਰਵਾਰ ਨੂੰ ਇਤਿਹਾਸ ਦੀ ਅਧਿਆਪਕਾ ਨਿਕਿਤਾ ਤੁਸ਼ਕਾਨੋਵ ਨੂੰ ਸਾਢੇ 5 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੇ ਪਿਛਲੇ ਸਾਲ ਕ੍ਰੀਮੀਆ ਵਿੱਚ ਕੇਰਚ ਬ੍ਰਿਜ ਉੱਤੇ ਯੂਕਰੇਨ ਦੇ ਹਮਲੇ ਦਾ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਫੌਜ ਦਾ ਅਪਮਾਨ ਕਰਨ ਅਤੇ ਹਿੰਸਾ ਨੂੰ ਜਾਇਜ਼ ਠਹਿਰਾਉਣ ਦਾ ਦੋਸ਼ੀ ਠਹਿਰਾਇਆ। ਇਤਿਹਾਸ ਦੀ ਅਧਿਆਪਕਾ ਨਿਕਿਤਾ ਤੁਸ਼ਕਾਨੋਵ ਨੇ ਕ੍ਰੈਚ ‘ਤੇ ਹੋਏ ਹਮਲੇ ਨੂੰ ਪੁਤਿਨ ਲਈ ਜਨਮ ਦਿਨ ਦਾ ਤੋਹਫਾ ਦੱਸਿਆ।
ਵੀਡੀਓ ਲਈ ਕਲਿੱਕ ਕਰੋ -: