ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐੱਨ. ਆਰ. ਆਈਜ਼. ਦੇ ਪਰਿਵਾਰਾਂ ਨੂੰ ਲੁਭਾਉਣ ਲਈ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸੂਬਾ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਲਈ ਕਵਿੱਕ ਰਿਸਪਾਂਸ ਕਾਲ ਸੈਂਟਰ ਬਣਾਉਣ ਦਾ ਫੈਸਲਾ ਲਿਆ ਹੈ। ਇਹ ਸੈਂਟਰ 24 ਘੰਟੇ ਚੱਲੇਗਾ ਅਤੇ ਇਥੇ ਐੱਨ. ਆਰ. ਆਈਜ਼. ਨੂੰ ਪੇਸ਼ ਆਉਣ ਵਾਲੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਹ ਜਾਣਕਾਰੀ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਪ੍ਰਗਟ ਸਿੰਘ ਵੱਲੋਂ ਦਿੱਤੀ ਗਈ।
ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਕਈ ਵਾਰ ਪ੍ਰਵਾਸੀ ਭਾਰਤੀਆਂ ਨੂੰ ਕਾਗਜ਼ੀ ਕਾਰਵਾਈ, ਤਕਨੀਕੀ ਕਾਰਨਾਂ ਜਾਂ ਕਿਸੇ ਹੋਰ ਗਲਤਫਹਿਮੀ ਕਾਰਨ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਰੋਕ ਲਿਆ ਜਾਂਦਾ ਹੈ। ਦਸਤਾਵੇਜ਼ ਸਹੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੈਂਟਰ ਵਿੱਚ ਬੈਠੇ ਵਿਅਕਤੀ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ । ਕਾਲ ਸੈਂਟਰ ਦੇ ਨੰਬਰ ਜਲਦੀ ਹੀ ਜਨਤਕ ਕਰ ਦਿੱਤੇ ਜਾਣਗੇ।
ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਵੀ ਹੁਣ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਆਨਲਾਈਨ ਪ੍ਰਫਾਰਮਾ ਤਿਆਰ ਕਰੇਗੀ ਤੇ ਆਨਲਾਈਨ ਅਰਜ਼ੀ ਦੇਣ ਤੋਂ ਬਾਅਦ, ਬਿਨੈਕਾਰ ਆਪਣੇ ਘਰਾਂ ਦੇ ਨੇੜੇ ਸਾਂਝ ਜਾਂ ਸੁਵਿਧਾ ਕੇਂਦਰਾਂ ਤੋਂ ਸਰਟੀਫਿਕੇਟ ਹਾਸਲ ਕਰ ਸਕਣਗੇ।
ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਜ਼ਮੀਨ, ਜਾਇਦਾਦ ਅਤੇ ਵਿਆਹ-ਸ਼ਾਦੀਆਂ ਦੇ ਝਗੜਿਆਂ ਸਬੰਧੀ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨੂੰ ਸੁਲਝਾਉਣ ਵਿੱਚ ਵੀ ਦੇਰੀ ਹੋ ਰਹੀ ਹੈ। ਇਸਦੇ ਲਈ ਉਨ੍ਹਾਂ ਦਾ ਵਿਭਾਗ ਪੁਲਿਸ ਅਤੇ ਮਾਲ ਵਿਭਾਗ ਦੇ ਨਾਲ ਤਾਲਮੇਲ ਕਰੇਗਾ। ਜਿਸ ਲਈ ਹਰੇਕ ਜ਼ਿਲ੍ਹੇ ਵਿੱਚ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਜੋ ਕਿ ਐਨ.ਆਰ.ਆਈਜ਼ ਦੀ ਮਦਦ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਵਸੇ ਹੋਏ ਹਨ। ਉਹ ਕਦੇ-ਕਦੇ ਹੀ ਪੰਜਾਬ ਆਉਂਦੇ ਹਨ। ਉਨ੍ਹਾਂ ਨੂੰ ਏਅਰਪੋਰਟ ‘ਤੇ ਕਾਫੀ ਰਸਮੀ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਜਿਸ ਕਾਰਨ ਉਹ ਉਥੇ ਲੇਟ ਹੋ ਜਾਂਦੇ ਹਨ। ਇਸ ਸਬੰਧੀ ਕਈ ਸ਼ਿਕਾਇਤਾਂ ਆਈਆਂ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਬਹੁਤ ਸਾਰੇ ਜ਼ਮੀਨੀ ਵਿਵਾਦ ਹਨ। ਵਿਦੇਸ਼ ਜਾਣ ਤੋਂ ਬਾਅਦ ਜਾਇਦਾਦ ‘ਤੇ ਕਬਜ਼ਾ ਕਰਨ ਤੋਂ ਇਲਾਵਾ ਧੋਖਾਦੇਹੀ ਕਰਕੇ ਅੱਗੇ ਵੇਚ ਦੇਣ ਦੇ ਵੀ ਕਈ ਕੇਸ ਚੱਲ ਰਹੇ ਹਨ। ਇਨ੍ਹਾਂ ਸਭ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਲਈ ਕਵਿਕ ਰਿਸਪਾਂਸ ਕਾਲ ਸੈਂਟਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ।