ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦਾ ਕੇਂਦਰ ਨੇ ਸਖਤ ਨੋਟਿਸ ਲਿਆ ਹੈ। ਕੇਂਦਰੀ ਮੰਤਰਾਲੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ। ਇਸ ਪੈਸੇ ਨਾਲ ਪੰਜਾਬ ਵਿਚ 500 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ ਹਨ। ਕੇਂਦਰ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਸਿਵਾਏ ਕਾਰਵਾਈ ਦੇ ਕੋਈ ਹੋਰ ਬਦਲ ਨਹੀਂ ਰਿਹਾ ਹੈ।
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪੰਜਾਬ ਸਣੇ ਕੁਝ ਸੂਬਿਆਂ ਵਿਚ ਵੀ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਫੰਡ ਦਾ ਇਸਤੇਮਾਲ ਕਰਕੇ ਆਪਣੇ ਵੱਖ-ਵੱਖ ਨਾਵਾਂ ਨਾਲ ਸਹੂਲਤਾਂ ਬਣਾਈਆਂ ਹਨ। ਪੰਜਾਬ ਵਿਚ ਉਨ੍ਹਾਂ ਸਹੂਲਤਾਂ ਨੂੰ ਮੁਹੱਲਾ ਕਲੀਨਿਕ ਤੇ ਆਮ ਆਦਮੀ ਕਲੀਨਿਕ ਵਰਗੇ ਨਾਂ ਦਿੱਤੇ ਹਨ।
ਕੇਂਦਰੀ ਮੰਤਰੀ ਨੇ ਸਾਂਸਦ ਯੁਵਜਾਨਾ ਸ਼੍ਰਮਿਕਾ ਰਾਇਥੂ ਤੇ ਕੇ ਰਘੁ ਰਾਮ ਕ੍ਰਿਸ਼ਨਾ ਰਾਜੂ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਲੋਕ ਸਭਾ ਵਿਚ ਦਾਅਵਾ ਕੀਤਾ ਕਿ ਪੰਜਾਬ ਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਰਾਜ ਮੈਮੋਰੰਡਮ ਆਫ ਅੰਡਰਸਟੈਂਡਿੰਗ ਦਾ ਉਲੰਘਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਚ ਪੰਜਾਬ ਤੇ ਆਂਧਰਾ ਪ੍ਰਦੇਸ਼ ਸਰਕਾਰਾਂ ਨੂੰ ਵੀ ਚਿੱਠੀ ਲਿਖੀ ਗਈ ਹੈ।
ਮਨਸੁਖ ਮਾਂਡਵੀਆ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਨ ਕਲਿਆਣ ਲਈ ਸੂਬਾ ਸਰਕਾਰਾਂ ਤੇ ਕੇਂਦਰ ਬਿਨਾਂ ਕਿਸੇ ਰਾਜਨੀਤੀ ਦੇ ਇਕੱਠੇ ਕੰਮ ਕਰੇ ਪਰ ਜੋ ਫੰਡ ਭੇਜੇ ਜਾ ਰਹੇ ਹਨ ਉਨ੍ਹਾਂ ਨੂੰ ਕਿਸੇ ਦੂਜੇ ਨਾਂ ਤੋਂ ਇਸਤੇਮਾਲ ਕਰਨਾ ਠੀਕ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੂਬੇ MOU ਤਹਿਤ ਇਸ ਯੋਜਨਾ ਦੇ ਮਾਪਦੰਡਾਂ ਦਾ ਪਾਲਣ ਨਾ ਕਰਕੇ ਕੇਂਦਰ ਦੀਆਂ ਯੋਜਨਾਵਾਂ ਨੂੰ ਬੰਦ ਕਰਦੇ ਹਨ ਤਾਂ ਕੇਂਦਰ ਨੂੰ ਕਾਰਵਾਈ ਕਰਨੀ ਹੀ ਪਵੇਗੀ। ਕੇਂਦਰ ਨੂੰ ਮਜਬੂਰਨ NHM ਦੇ ਫੰਡ ਰੋਕਣੇ ਪੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: