ਚੰਡੀਗੜ੍ਹ : ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁਹਿੰਮ ਨੂੰ ਤੇਜ਼ ਕਰਦੇ ਹੋਏ ਪਿਛਲੇ ਇੱਕ ਹਫ਼ਤੇ ਵਿੱਚ ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕਰਕੇ 676 ਨਸ਼ਾ ਤਸਕਰਾਂ/ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਸ਼ਾ ਖਿਲਾਫ ਸਖਤੀ ਰਹੇ ਇਸ ਲਈ ਹਰ ਹਫਤੇ ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਦੀ ਪਰਫਾਰਮੈਂਸ ਰਿਵਿਊ ਹੋਵੇਗੀ ਜਿਸ ਦੇ ਇਲਾਕੇ ਵਿਚ ਨਸ਼ਾ ਨਹੀਂ ਫੜਿਆ ਜਾ ਰਿਹਾ ਉਨ੍ਹਾਂ ‘ਤੇ ਇਸ ਨਾਲ ਕਾਰਵਾਈ ਦਾ ਦਬਾਅ ਬਣੇਗਾ।
ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਸੋਮਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਹਰ ਸੋਮਵਾਰ ਨੂੰ ਉਹ ਪ੍ਰੈੱਸ ਕਾਨਫਰੰਸ ਜ਼ਰੀਏ ਨਸ਼ੇ ਖਿਲਾਫ ਕਾਰਵਾਈ ਤੇ ਪੰਜਾਬ ਪੁਲਿਸ ਨਾਲ ਜੁੜੇ ਦੂਜੇ ਸਵਾਲਾਂ ਦਾ ਜਵਾਬ ਦੇਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਵਿਚ ਪੰਜਾਬ ਤੋਂ 5.57 ਕਿਲੋ ਹੈਰੋਇਨ, 17 ਕਿਲੋ ਅਫੀਮ, 25 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਤੇ 2.25 ਲੱਖ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਆਈਜੀ ਡਾ. ਗਿੱਲ ਨੇ ਕਿਹਾ ਕਿ ਨਸ਼ੇ ਨੂੰ ਲੈ ਕੇ ਨਵਾਂ ਟ੍ਰੇਂਡ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਸਮੱਗਲਰ ਤੇ ਖਾਸ ਕਰਕੇ ਭੁੱਕੀ ਜੰਮੂ ਕਸ਼ਮੀਰ ਤੋਂ ਆ ਰਹੀ ਹੈ। ਇਸ ਦੇ ਇਲਾਵਾ ਕਈ ਸੂਬਿਆਂ ਤੋਂ ਅਫੀਮ ਪੰਜਾਬ ਲਿਆਂਦੀ ਜਾ ਰਹੀ ਹੈ ਜਿਸ ਨੂ ਲੈ ਕੇ ਪੁਲਿਸ ਪੂਰੀ ਪਲਾਨਿੰਗ ਨਾਲ ਸਮੱਗਲਰਾਂ ਨੂੰ ਫੜਨ ਦੀ ਰਣਨੀਤੀ ਬਣਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 32 ਭਗੌੜੇ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਸਾਰੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਲਈ ਬਦਨਾਮ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ਦੇ ਦੁਆਲੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ
ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀ ਅਤੇ ਐੱਸਐੱਸਪੀ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਜ਼ਮੀਨੀ ਪੱਧਰ ‘ਤੇ ਕੰਮ ਕਰਨ। ਖੁਦ ਵੀ ਫੀਲਡ ਵਿਚ ਨਿਕਲ ਕੇ ਡਰੱਗਸ ਨੂੰ ਰੋਕਣ ਲਈ ਕਦਮ ਚੁੱਕਣ। ਆਈਜੀ ਡਾ. ਗਿੱਲ ਨੇ ਕਿਹਾ ਕਿ ਜਦੋਂ ਤੱਕ ਸੀਨੀਅਰ ਅਫਸਰ ਖੁਦ ਇਲਾਕੇ ਤੋਂ ਵਾਕਫ ਨਹੀਂ ਹੋਣਗੇ ਉਦੋਂ ਤੱਕ ਡਰੱਗਸ ਰੋਕਣ ਵਿਚ ਕਾਮਯਾਬੀ ਨਹੀਂ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: