ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਇੱਕ ਵੱਡੀ ਕਾਰਵਾਈ ਵਿੱਚ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇੱਕ ਗੈਰ-ਕਾਨੂੰਨੀ ਸਟੋਰੇਜ ਗੋਦਾਮ ਵਿੱਚ ਛਾਪੇਮਾਰੀ ਦੌਰਾਨ ਫਾਰਮਾ ਓਪੀਔਡਜ਼ ਦੀਆਂ 7 ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕਰਕੇ ਇੱਕ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ।
ਪੁਲਿਸ ਨੇ ਮੁੱਖ ਸਪਲਾਇਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਅਸ਼ੀਸ਼ ਵਿਸ਼ਕਰਮਾ ਵਜੋਂ ਹੋਈ ਹੈ, ਜੋ ਕਿ ਸਹਾਰਨਪੁਰ, ਯੂਪੀ ਵਿੱਚ ਆਈਟੀਸੀ ਨੇੜੇ ਖਾਲਸਾ ਲਾਈਨ ਦਾ ਰਹਿਣ ਵਾਲਾ ਹੈ। ਮੁਲਜ਼ਮ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਫਤਹਿਗੜ੍ਹ ਸਾਹਿਬ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ, ਰੂਪਨਗਰ, ਪਟਿਆਲਾ ਅਤੇ ਲੁਧਿਆਣਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਇਹ ਅਫੀਮ ਦੀਆਂ ਦਵਾਈਆਂ ਦੀ ਸਪਲਾਈ ਕਰ ਰਹੇ ਸਨ।
ਪੰਜਾਬ ਪੁਲਿਸ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ 4.98 ਲੱਖ ਗੋਲੀਆਂ ਲੋਮੋਟਿਲ, 97200 ਗੋਲੀਆਂ ਅਲਪ੍ਰਾਜ਼ੋਲਮ, 75,840 ਪ੍ਰੋਕਸੀਵੋਨ ਕੈਪਸੂਲ, 21600 ਸ਼ੀਸ਼ੀਆਂ ਐਵੀਲ, 16600 ਸ਼ੀਸ਼ੀਆਂ, 5572 ਬੀ. ਟ੍ਰਾਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 14 ਜੁਲਾਈ 2022 ਨੂੰ ਚਮਕੌਰ ਸਾਹਿਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਸੁਖਵਿੰਦਰ ਸਿੰਘ ਉਰਫ਼ ਕਾਲਾ ਅਤੇ ਹਰਜਸਪ੍ਰੀਤ ਸਿੰਘ ਉਰਫ਼ ਜੱਸਾ ਵਜੋਂ ਪਛਾਣ ਕੀਤੇ ਗਏ ਵਿਅਕਤੀਆਂ ਪਾਸੋਂ ਬੁਪਰੇਨੋਰਫਾਈਨ ਦੇ 175 ਟੀਕੇ ਅਤੇ ਐਵੀਲ ਦੀਆਂ 175 ਸ਼ੀਸ਼ੀਆਂ ਬਰਾਮਦ ਕਰਨ ਦੀ ਤਫ਼ਤੀਸ਼ ਦੇ ਤਹਿਤ ਪੁਲਿਸ ਟੀਮਾਂ ਨੇ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ.) ਸਰਹਿੰਦ ਵੱਲੋਂ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਉੱਤਰ ਪ੍ਰਦੇਸ਼ ਪੁਲਿਸ ਦੀ ਮੌਜੂਦਗੀ ਵਿੱਚ ਸਟੋਰੇਜ ਗੋਦਾਮ ‘ਤੇ ਛਾਪੇਮਾਰੀ ਕੀਤੀ।
ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਇਨਵੈਸਟੀਗੇਸ਼ਨ ਜਸਪਿੰਦਰ ਸਿੰਘ ਗਿੱਲ ਅਤੇ ਡੀਐਸਪੀ ਬੱਸੀ ਪਠਾਣਾ ਅੰਮ੍ਰਿਤਪਾਲ ਸਿੰਘ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਨ੍ਹਾਂ ਕਿਹਾ ਕਿ ਐਫਆਈਆਰ ਨੰ. 79 ਐਨ.ਡੀ.ਪੀ.ਐਸ. ਐਕਟ ਦੀ ਧਾਰਾ 22ਸੀ-61-85 ਤਹਿਤ ਥਾਣਾ ਬਡਾਲੀ ਆਲਾ ਸਿੰਘ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਪਹਿਲਾਂ ਹੀ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਮੁਲਜ਼ਮ ਫਤਿਹਗੜ੍ਹ ਪੁਲਿਸ ਨੂੰ ਅਮਲੋਹ, ਸਰਹਿੰਦ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਸਮੇਤ ਥਾਣਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਘੱਟੋ-ਘੱਟ ਚਾਰ ਵਪਾਰਕ ਮਾਮਲਿਆਂ ਵਿੱਚ ਲੋੜੀਂਦਾ ਸੀ।