ਚੰਡੀਗੜ੍ਹ: ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ‘ਰੋਡ ਸੇਫਟੀ ਡਰਾਈਵ’ ਦੀ ਸ਼ੁਰੂਆਤ ਕੀਤੀ ਗਈ। ਟਰੈਫਿਕ ਉਲੰਘਣਾਵਾਂ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣਾ, ਹੈਲਮੇਟ ਨਾ ਪਾਉਣਾ ਜਾਂ ਸੀਟ ਬੈਲਟ ਨਾ ਬੰਨ੍ਹਣਾ, ਤੇਜ਼ ਰਫ਼ਤਾਰ, ਹਾਈ ਬੀਮ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਅਤੇ ਟਰੈਫ਼ਿਕ ਸਿਗਨਲਾਂ ਨੂੰ ਜੰਪ ਕਰਨਾ ਸ਼ਾਮਲ ਹਨ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵੜਾ ਨੇ ਕਿਹਾ ਕਿ ਲਾਗੂ ਕਰਨ ਦੀ ਪੂਰੀ ਰਣਨੀਤੀ ਪਿਛਲੇ ਸਾਲ ਦੇ ਸੜਕ ਹਾਦਸਿਆਂ ਦੇ ਕਾਰਨਾਂ ਦੇ ਆਧਾਰ ‘ਤੇ ਬਣਾਈ ਗਈ ਹੈ।
ਡੀਜੀਪੀ ਨੇ ਕਿਹਾ ਔਸਤਨ ਰੋਜ਼ਾਨਾ ਪੰਜਾਬ ਵਿਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 11-12 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਉੱਤੇ ਧਿਆਨ ਕੇਂਦ੍ਰਤ ਕਰਕੇ ਰੋਕਿਆ ਜਾ ਸਕਦਾ ਹੈ। ਅੱਧੀ ਰਾਤ ਤੱਕ ਟਰੈਫਿਕ ਪ੍ਰਬੰਧਨ ਕਾਰਜਾਂ ਨੂੰ ਕਵਰ ਕਰਨ ਲਈ ਮੁਲਾਜ਼ਮਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਕੂਲਾਂ ਨੇੜੇ ਵਾਹਨਾਂ ਦੀ ਰਫਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੇ ਜਾਣ ਤੋਂ ਬਾਅਦ ਡੀਜੀਪੀ ਨੇ ਟਰੈਫ਼ਿਕ ਪੁਲਿਸ ਨੂੰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਅਤੇ ਜੇਕਰ ਕੋਈ ਵੀ ਸਪੀਡ ਲਿਮਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਣ ਦੇ ਸਖ਼ਤ ਹੁਕਮ ਦਿੱਤੇ ਹਨ। ਅੰਕੜੇ ਦਰਸਾਉਂਦੇ ਹਨ ਕਿ ਸੜਕ ਦੁਰਘਟਨਾਵਾਂ ਵਿੱਚ ਔਸਤਨ 45 ਫੀਸਦ ਮੌਤਾਂ ਦੋ-ਪਹੀਆ ਵਾਹਨਾਂ ਨਾਲ ਹੁੰਦੀਆਂ ਹਨ ਅਤੇ ਜ਼ਿਆਦਾ ਰਫ਼ਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣ, ਮੋਬਾਈਲ ਫ਼ੋਨ ਦੀ ਵਰਤੋਂ ਅਤੇ ਹੈਲਮੇਟ ਜਾਂ ਸੀਟ ਬੈਲਟ ਨਾ ਪਹਿਨਣ ਕਾਰਨ ਚਾਰ ਪਹੀਆ ਵਾਹਨਾਂ ਅਤੇ ਟਰੱਕਾਂ ਨਾਲ ਹਾਦਸੇ ਵਾਪਰਦੇ ਹਨ।
ਏ.ਡੀ.ਜੀ.ਪੀ. ਅਮਰਦੀਪ ਸਿੰਘ ਰਾਏ ਨੇ ਸਮੂਹ ਜ਼ਿਲ੍ਹਾ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਨੂੰ ਜਾਗਰੂਕ ਕਰਨ ਤੇ ਟ੍ਰੈਫਿਕ ਉਲੰਘਣਾਵਾਂ ਨੂੰ ਘੱਟ ਤੋਂ ਘੱਟ ਕਰਨ ‘ਤੇ ਜ਼ੋਰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਵਿਗਿਆਨਕ ਢੰਗ ਨਾਲ ਚਲਾਇਆ ਜਾਣ ਵਾਲਾ ਇਨਫੋਰਸਮੈਂਟ ਡਰਾਈਵ ਹੈ ਜਿਸ ਨਾਲ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 15-20 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ 15 ਦਿਨ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਵਾਇਆ ਜਾਵੇਗਾ ਤੇ ਬਾਅਦ ਵਿਚ ਇਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੁਹਿੰਮ ਚਲਾਈ ਜਾਵੇਗੀ।