ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਖੇਡ ਵਿਭਾਗ ਨੂੰ ਅਗਲੀ ਕੈਬਨਿਟ ਵਿੱਚ ਏਜੰਡਾ ਲਿਆਉਣ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਪੀ.ਸੀ.ਐਸ. ਜਾਂ ਡੀ.ਐਸ.ਪੀ. ਜਾਂ ਖੇਡ ਵਿਭਾਗ ਵਿੱਚ ਇਸ ਦੇ ਬਰਾਬਰ ਦਾ ਕੋਈ ਵੀ ਅਹੁਦਾ ਲੈਣ ਦੀ ਖੁੱਲ੍ਹੀ ਪੇਸ਼ਕਸ਼ ਵੀ ਕੀਤੀ।
ਮੁੱਖ ਮੰਤਰੀ ਨੇ ਇਹ ਗੱਲ ਅੱਜ ਮੁੱਖ ਮੰਤਰੀ ਦਫਤਰ ਵਿਖੇ ਦੂਜੀ ਕੈਬਨਿਟ ਮੀਟਿੰਗ ਦੌਰਾਨ ਸਾਰੇ ਹਾਕੀ ਖਿਡਾਰੀਆਂ ਨੂੰ ਕਹੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਰ ਖਿਡਾਰੀ ਦੇ ਨਾਮ ਉਤੇ ਵੱਡਾ ਸਟੇਡੀਅਮ ਬਣਾਇਆ ਜਾਵੇਗਾ। ਇਹ ਫੈਸਲਾ ਆਉਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕਰੇਗਾ। ਓਲੰਪਿਕ ਖੇਡਾਂ ਵਿੱਚ 41 ਸਾਲ ਬਾਅਦ ਹਾਕੀ ਟੀਮ ਵੱਲੋਂ ਤਮਗਾ ਜਿੱਤਣ ਦੀ ਖੁਸ਼ੀ ਵਿੱਚ ਸਾਰੇ ਖਿਡਾਰੀਆਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਉਚੇਚੇ ਤੌਰ ਉਤੇ ਬੁਲਾਇਆ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਕੀ ਟੀਮ ਨੇ ਨਾ ਸਿਰਫ ਪੰਜਾਬ ਸਗੋਂ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ ਹੈ। ਪੰਜਾਬ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਸੂਬੇ ਦੇ ਸਨ। ਉਨ੍ਹਾਂ ਨਾਲ ਹੀ ਖਿਡਾਰੀਆਂ ਨੂੰ ਗੁਜਾਰਿਸ ਕੀਤੀ ਕਿ ਉਹ ਨੌਕਰੀ ਦੇ ਨਾਲ ਆਪਣੀ ਖੇਡ ਜਾਰੀ ਰੱਖਣ ਅਤੇ ਹੋਰ ਮੱਲਾਂ ਮਾਰਨ। ਇਸ ਤੋਂ ਬਾਅਦ ਵੀ ਹਾਕੀ ਖੇਡ ਨਾਲ ਜੁੜੇ ਰਹਿਣ ਅਤੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ।
ਇਸ ਤੋਂ ਪਹਿਲਾ ਖੇਡਾਂ, ਯੁਵਕ ਸੇਵਾਵਾਂ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕੈਬਨਿਟ ਵਿੱਚ ਪੁੱਜਣ ਉਤੇ ਸਮੂਹ ਖਿਡਾਰੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਪ੍ਰਾਪਤੀ ਇਨ੍ਹਾਂ ਖਿਡਾਰੀਆਂ ਦੀ ਪਿਛਲੇ 15 ਸਾਲ ਦੀ ਸਖਤ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹ ਖੇਡ ਵਿਭਾਗ ਜੁਆਇਨ ਕਰਨਾ ਚਾਹੁਣ ਤਾਂ ਹੋਰ ਵੀ ਵਧੀਆਂ ਗੱਲ ਹੋਵੇਗੀ ਜਿਸ ਨਾਲ ਖੇਡ ਵਿਭਾਗ ਆਪਣੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਤਜ਼ਰਬੇ ਦਾ ਫਾਇਦਾ ਉਠਾ ਸਕੇਗਾ। ਭਾਰਤੀ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਡਿਫੈਂਡਰ ਰੁਪਿੰਦਰ ਪਾਲ ਸਿੰਘ ਨੇ ਸਮੂਹ ਖਿਡਾਰੀਆਂ ਤਰਫੋ ਬੋਲਦਿਆਂ ਮੁੱਖ ਮੰਤਰੀ ਵੱਲੋਂ ਇਨ੍ਹਾਂ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਬਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਸਿਮਰਨਜੀਤ ਸਿੰਘ ਤੇ ਦਿਲਪ੍ਰੀਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਪਾਬੰਦੀਆਂ ‘ਚ ਢਿੱਲ, ਅੰਦਰੂਨੀ ਇਕੱਠ 150 ਤੋਂ ਵਧਾ ਕੇ 300 ਅਤੇ ਬਾਹਰੀ ਇਕੱਠ 300 ਤੋਂ 500 ਤੱਕ ਕਰਨ ਦੇ ਦਿੱਤੇ ਹੁਕਮ