ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀਰਵਾਰ ਸ਼ਾਮ ਨੂੰ ਗੜੇਮਾਰੀ ਦੇ ਨਾਲ-ਨਾਲ ਭਾਰੀ ਮੀਂਹ ਪਿਆ। ਕਈ ਪਿੰਡਾਂ ਵਿੱਚ ਭਾਰੀ ਗੜੇਮਾਰੀ ਹੋਈ। ਇਸ ਕਾਰਨ ਪਹਿਲਾਂ ਹੀ ਬੇਮੌਸਮੀ ਬਰਸਾਤ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਕਮਰ ਟੁੱਟ ਗਈ ਹੈ। ਪਹਿਲਾਂ ਮੀਂਹ ਤੇ ਗੜੇਮਾਰੀ ਕਾਰਨ ਖੇਤਾਂ ਵਿੱਚ ਪਈ ਕਣਕ ਦੀ ਫ਼ਸਲ ਖਰਾਬ ਹੋ ਗਈ ਤੇ ਹੁਣ ਮੰਡੀ ਵਿੱਚ ਪੁੱਜਣ ’ਤੇ ਮੀਂਹ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ।
ਜਿੱਥੇ ਫਾਜ਼ਿਲਕਾ ਜ਼ਿਲ੍ਹੇ ‘ਚ ਹਲਕੀ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਦੂਜੇ ਪਾਸੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਕਸਬੇ ਤੋਂ ਇਲਾਵਾ ਝੰਡੂਵਾਲਾ, ਸ਼ਰੀਂਹਵਾਲਾ, ਕਾਹਨ ਸਿੰਘ ਵਾਲਾ, ਮੁਕੰਦ ਸਿੰਘ ਵਾਲਾ ਵਿੱਚ ਵੀ ਭਾਰੀ ਗੜੇਮਾਰੀ ਹੋਈ। ਇਸ ਦੇ ਨਾਲ ਹੀ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ, ਮਾਨਸਿੰਘ ਵਾਲਾ, ਜੰਡ ਸਾਹਿਬ, ਘੁਗਿਆਣਾ, ਦੀਪ ਸਿੰਘ ਵਾਲਾ ਵਿੱਚ ਵੀ ਗੜੇਮਾਰੀ ਦੇ ਨਾਲ ਭਾਰੀ ਮੀਂਹ ਪਿਆ।
ਭਾਵੇਂ ਜ਼ਿਆਦਾਤਰ ਕਿਸਾਨਾਂ ਨੇ ਕਣਕ ਦੀ ਵਾਢੀ ਕਰ ਲਈ ਸੀ ਪਰ ਅਜੇ ਤੱਕ 20 ਫ਼ੀਸਦੀ ਕਿਸਾਨਾਂ ਨੇ ਕਣਕ ਦੀ ਵਾਢੀ ਕਰਨੀ ਹੈ ਅਤੇ 40 ਫ਼ੀਸਦੀ ਕਿਸਾਨਾਂ ਨੇ ਤੂੜੀ ਬਣਾਉਣੀ ਬਾਕੀ ਸੀ। ਗੜੇਮਾਰੀ ਅਤੇ ਮੀਂਹ ਕਾਰਨ ਇਹ ਕੰਮ ਕੁਝ ਦਿਨਾਂ ਲਈ ਰੁਕ ਗਏ। ਇਸ ਦੇ ਨਾਲ ਹੀ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਕਣਕ ਦੇ ਨਾਲ-ਨਾਲ ਵਿਕਣ ਵਾਲੀ ਅਨਲਿਫਟਿਡ ਕਣਕ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਲੁਧਿਆਣਾ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ ਅਤੇ ਕਈ ਥਾਵਾਂ ‘ਤੇ ਗੜੇਮਾਰੀ ਹੋਈ। ਸੁਹਾਵਣੇ ਮੌਸਮ ਅਤੇ ਗੜੇਮਾਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਲੋਕ ਠੰਡੀ ਹਵਾ ਅਤੇ ਮੀਂਹ ਦਾ ਆਨੰਦ ਲੈਂਦੇ ਦੇਖੇ ਗਏ। ਦੂਜੇ ਪਾਸੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ।
ਗੁਰਦਾਸਪੁਰ ਵਿੱਚ ਵੀ ਕਈ ਥਾਵਾਂ ‘ਤੇ ਮੀਂਹ ਨਾਲ ਗੜੇ ਪਏ। ਜਲਾਲਾਬਾਦ ਵਿੱਚ ਵੀ ਤੇਜ਼ ਮੀਂਹ ਕਰਕੇ ਦਾਣਾ ਮੰਡੀ ਵਿੱਚ ਸੈਂਕੜੇ ਕਣਕ ਦੀਆਂ ਬੋਰੀਆਂ ਭਿੱਜ ਗਈਆਂ। ਜਲਾਲਾਬਾਦ ਦੇ ਆੜ੍ਹਤੀਆਂ ਨੇ ਕਿਹਾ ਕਿ ਮੰਡੀ ਵਿੱਚ ਲਿਫਟਿੰਗ ਦਾ ਕੰਮ ਕਾਫੀ ਹੌਲੀ ਚੱਲ ਰਿਹਾ ਹੈ। ਦੂਜੇ ਪਾਸੇ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਜੇ ਮੀਂਹ ਹੋਰ ਪੈਂਦਾ ਹੈ ਤਾਂ ਕਣ ਦੀਆਂ ਬੱਲੀਆਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੂੰ ਖੇਤਾਂ ਤੋਂ ਮੀਂਹ ਦਾ ਪਾਣੀ ਤੁਰੰਤ ਕੱਢਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਬਾਦੀ ‘ਚ ਭਾਰਤ ਦੇ ਅੱਗੇ ਨਿਕਲਣ ‘ਤੇ ਭੜਕਿਆ ਚੀਨ, ਦਿੱਤਾ ਵਿਵਾਦਿਤ ਬਿਆਨ
ਉਥੇ ਹੀ ਮੌਸਮ ਵਿਭਾਗ ਨੇ ਕਿਹਾ ਕਿ 20 ਤੋਂ 24 ਅਪ੍ਰੈਲ ਤੱਕ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ, ਹਲਕਾ ਮੀਂਹ ਵੀ ਪੈ ਸਕਦਾ ਹੈ। 25 ਅਪ੍ਰੈਲ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਹੋ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: