ਪਾਕਿਸਤਾਨ ਦੇ ਲਾਹੌਰ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਇਲਾਕਿਆਂ ‘ਚ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ ਜਦਕਿ ਕਈ ਥਾਵਾਂ ‘ਤੇ ਸੜਕਾਂ ਛੱਪੜ ਬਣ ਗਈਆਂ ਹਨ। ਇੱਥੇ ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਸਿਰਫ 10 ਘੰਟਿਆਂ ਦੇ ਅੰਦਰ 290 ਮਿਲੀਮੀਟਰ ਮੀਂਹ ਪਿਆ। ਅਸਮਾਨ ਤੋਂ ਆਏ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਬਰਸਾਤੀ ਪਾਣੀ ਵਿੱਚ ਡੁੱਬਣ ਕਾਰਨ ਮਰਨ ਵਾਲਾ ਇੱਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 3 ਲੋਕਾਂ ਦੀ ਬਿਜਲੀ ਦਾ ਝਟਕਾ ਲੱਗਣ ਨਾਲ ਅਤੇ ਦੋ ਦੀ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ।
ਪ੍ਰੋਵਿੰਸ਼ੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਡਾਇਰੈਕਟਰ ਜਨਰਲ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਪੰਜਾਬ ਭਰ ‘ਚ ਮੀਂਦੌਰਾਨ ਸੱਤ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪਾਕਿਸਤਾਨ ‘ਚ ਮੌਸਮ ਵਿਭਾਗ ਨੇ ਪਹਿਲਾਂ ਹੀ ਭਿਆਨਕ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ ਪਾਕਿਸਤਾਨ ‘ਚ ਪਿਛਲੇ ਸਾਲ ਵਾਂਗ ਹੀ ਸਥਿਤੀ ਰਹੇਗੀ, ਉਹ ਵੀ ਜਦੋਂ ਦੇਸ਼ ਪਹਿਲਾਂ ਹੀ ਕੰਗਾਲੀ ਦਾ ਸਾਹਮਣਾ ਕਰ ਰਿਹਾ ਹੈ।
ਪਿਛਲੇ ਸਾਲ ਵੀ ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਜਾਣਕਾਰੀ ਮੁਤਾਬਕ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਗਿਆ ਸੀ। ਇਸ ਦੌਰਾਨ 1700 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਬੇਘਰ ਹੋ ਗਏ ਸਨ। ਇੰਨਾ ਹੀ ਨਹੀਂ 10 ਲੱਖ ਤੋਂ ਵੱਧ ਘਰ ਰੁੜ੍ਹ ਗਏ ਅਤੇ ਕਰੀਬ 90 ਲੱਖ ਪਸ਼ੂਆਂ ਦੀ ਵੀ ਮੌਤ ਹੋ ਗਈ।
ਇਸ ਵਾਰ ਵੀ ਭਾਰੀ ਮੀਂਹ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ, ਹਾਲਾਂਕਿ ਪਿਛਲੇ ਸਾਲ ਵਰਗੀ ਸਥਿਤੀ ਨਾ ਬਣਨ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਸਥਿਤੀ ‘ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਲੋਕਾਂ ਦੀ ਮਦਦ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਗਏ ਹਨ। ਐਮਰਜੈਂਸੀ ਦੀ ਸਥਿਤੀ ਵਿੱਚ ਮਸ਼ੀਨਰੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ਧਾਮ ‘ਚ ਬਣ ਰਹੀਆਂ ਰੀਲਾਂ! ਹੁਣ ਔਰਤ ਦੀ ਮਾਂਗ ‘ਚ ਸਿੰਧੂਰ ਭਰਨ ਦਾ ਵੀਡੀਓ ਵਾਇਰਲ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਨੂੰ ਤੁਰੰਤ ਰਾਹਤ ਟੀਮਾਂ ਜੁਟਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰੀ ਮੀਂਹ ਕਾਰਨ ਸਭ ਤੋਂ ਵੱਧ ਖ਼ਤਰਾ ਲਾਹੌਰ, ਰਾਵਲਪਿੰਡੀ, ਇਸਲਾਮਾਬਾਦ ਅਤੇ ਪੇਸ਼ਾਵਰ ਨੂੰ ਹੈ। ਪਾਕਿਸਤਾਨ ਦੁਨੀਆ ਦਾ 8ਵਾਂ ਦੇਸ਼ ਹੈ ਜਿੱਥੇ ਸਭ ਤੋਂ ਵੱਧ ਕੁਦਰਤੀ ਆਫ਼ਤਾਂ ਆਉਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: