ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ ਇਸ ਦਾ ਅੰਦਾਜ਼ਾ ਪੀ.ਐੱਮ. ਮੋਦੀ ਵੱਲੋਂ ਲਿਖੀ ਗਈ ਸ਼ਰਧਾਂਜਲੀ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬਾਦਲ ਨਾਲ ਆਪਣੇ ਤਜ਼ਰਬੇ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਪੀ.ਐੱਮ. ਮੋਦੀ ਵੱਲੋਂ ਦਿੱਤੀ ਗਈ ਇਸ ਸ਼ਾਨਦਾਰ ਸ਼ਰਧਾਂਜਲੀ ਲਈ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਨੇ ਪੀ.ਐੱਮ. ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ੁਕਰੀਆ ਕਰਨ ਲਈ ਸ਼ਬਦ ਨਹੀਂ ਹਨ, ਬੱਸ ਹੰਝੂ ਹਨ।
ਪੀਐੱਮ. ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ ਵਿੱਚ ਲਿਖਿਆ ਕਿ 25 ਅਪ੍ਰੈਲ ਸ਼ਾਮ ਨੂੰ ਜਦੋਂ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਦਾ ਦਿਹਾਂਤ ਨਾਲ ਮੈਂ ਇੱਕ ਪਿਤਾ ਵਰਗੇ ਬੰਦੇ ਨੂੰ ਗੁਆ ਦਿੱਤਾ, ਜਿਨ੍ਹਾਂ ਨੇ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕੀਤਾ। ਇੱਕ ਤਰ੍ਹਾਂ ਤੋਂ ਵੇਖੀਏ ਤਾਂ ਉਨ੍ਹਾਂ ਭਾਰਤ ਤੇ ਪੰਜਾਬ ਦੀ ਸਿਆਸਤ ਨੂੰ ਅਜਿਹਾ ਆਕਾਰ ਦਿੱਤਾ, ਜੋ ਆਪਣੇ ਆਪ ਵਿੱਚ ਅਦਭੁਤ ਹੈ।
ਬਾਦਲ ਸਾਹਿਬ ਇੱਕ ਵੱਡੇਨੇਤਾ ਸਨ, ਇਸ ਤੋਂ ਵੀ ਵੱਧ ਉਹ ਇੱਕ ਵੱਡੇ ਦਿਲ ਵਾਲੇ ਇਨਸਾਨ ਸਨ। ਪੂਰੇ ਪੰਜਾਬ ਵਿੱਚ ਲੋਕ ਕਹਿੰਦੇ ਹਨ- ‘ਬਾਦਲ ਸਾਹਿਬ ਦੀ ਗੱਲ ਹੀ ਵੱਖਰੀ ਸੀ’! ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਖ ਵੱਡੇ ਕਿਸਾਨ ਨੇਤਾ ਵਜੋਂ ਜਾਣਿਆ ਜਾਏਗਾ। ਖੇਤੀ ਤੇ ਕਿਸਾਨ ਉਨ੍ਹਾਂ ਦੇ ਦਿਲ ਵਿੱਚ ਰਚੇ-ਵਸੇ ਸਨ। ਉਹ ਜਦੋਂ ਵੀ ਕਿਸੇ ਮੌਕੇ ‘ਤੇ ਬੋਲਦੇ ਸਨ, ਉਨ੍ਹਾਂ ਦੇ ਭਾਸ਼ਣ ਤੱਥਾਂ, ਨਵੀਆਂ ਜਾਣਕਾਰੀਆਂ ਤੇ ਢੇਰ ਸਾਰੇ ਨਿੱਜੀ ਤਜਰਬਿਆਂ ਨਾਲ ਭਰੇ ਹੁੰਦੇ ਸਨ।
1990 ਦੇ ਦਹਾਕੇ ਵਿੱਚ ਜਦੋਂ ਮੈਂ ਉੱਤਰੀ ਭਾਰਤ ਵਿੱਚ ਪਾਰਟੀ ਦਾ ਕੰਮ ਵੇਖਦਾ ਸੀ, ਉਦੋਂ ਮੈਨੂੰ ਬਾਦਲ ਸਾਹਿਬ ਨੂੰ ਨੇੜਤਾ ਨਾਲ ਜਾਣਨ ਦਾ ਮੌਕਾ ਮਿਲਿਾ। ਬਾਦਲ ਸਾਹਿਬ ਇੱਕ ਲੋਕਪ੍ਰਿਯ ਨੇਤਾ ਸਨ, ਜੋ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਇੱਕ ਕੇਂਦਰੀ ਕੈਬਨਿਟ ਮੰਤਰੀ ਤੇ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਵਿਅਕਤੀ ਸਨ। ਦੂਜੇ ਪਾਸੇ ਮੈਂ ਇੱਕ ਆਮ ਵਰਕਰ ਸੀ। ਫਿਰ ਵੀ ਆਪਣੇ ਸੁਭਾਅ ਮੁਤਾਬਕ ਉਨ੍ਹਾਂ ਨੇ ਕਦੇ ਵੀ ਇਸ ਨੂੰ ਸਾਡੇ ਵਿੱਚ ਖਾਈ ਨਹੀਂ ਬਣਨ ਦਿੱਤਾ। ਉਹ ਗਰਮਜੋਸ਼ੀ ਨਾਲ ਦੇ ਨਾਲ-ਨਾਲ ਸੰਵੇਦਨਾਵਾਂ ਨਾਲ ਭਰੇ ਇੱਕ ਜੀਵੰਤ ਸ਼ਖਸੀਅਤ ਸਨ। ਇਹ ਅਜਿਹੇ ਗੁਣ ਸਨ, ਜੋ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਰਹੇ। ਹਰ ਕੋਈ ਜਿਸ ਨੇ ਬਾਦਲ ਸਾਹਿਬ ਨਾਲ ਨੇੜਤਾ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਬੁੱਧੀਮਤਾ ਤੇ ਹੱਸਮੁਖ ਸੁਭਾਅ ਦਾ ਕਾਇਲ ਹੋ ਗਿਆ।
ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਬਾਦਲ ਵੱਲੋਂ ਭਾਜਪਾ ਨਾਲ ਗੱਠਜੋੜ ‘ਤੇ ਜ਼ੋਰ ਦੇਣ ਦੀ ਚਰਚਾ ਕਰਦੇ ਹੋਏ ਪੀ. ਐੱਮ. ਮੋਦੀ ਨੇ ਲਿਖਿਆ ਕਿ 1990 ਦੇ ਦਹਾਕੇ ਦੇ ਮੱਧ ਅਤੇ ਅਖੀਰ ਵਿੱਚ, ਰਾਜ ਵਿੱਚ ਸਿਆਸੀ ਮਾਹੌਲ ਵੱਖਰਾ ਸੀ, ਜਿਸ ਨੇ ਕਈ ਸਾਲ ਖਾੜਕੂਵਾਦ ਦੇਖੇ ਸਨ।
1997 ਵਿੱਚ ਸਾਡੀਆਂ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ) ਇਕੱਠੇ ਲੋਕਾਂ ਕੋਲ ਗਈਆਂ ਅਤੇ ਬਾਦਲ ਸਾਹਿਬ ਸਾਡੇ ਆਗੂ ਸਨ। ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਦਾ ਆਸ਼ੀਰਵਾਦ ਦਿੱਤਾ ਇਸ ਦਾ ਮੁੱਖ ਕਾਰਨ ਸੀ ਉਨ੍ਹਾਂ ਦੀ ਭਰੋਸੇਯੋਗਤਾ। ਇੰਨਾ ਹੀ ਨਹੀਂ ਸਾਡੇ ਗਠਜੋੜ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀ ਲੋਕ ਸਭਾ ਸੀਟ ਵੀ ਸਫਲਤਾਪੂਰਵਕ ਜਿੱਤੀ। ਉਨ੍ਹਾਂ ਦੀ ਸ਼ਖਸੀਅਤ ਅਜਿਹੀ ਸੀ ਕਿ ਸਾਡਾ ਗਠਜੋੜ 1997 ਤੋਂ 2017 ਦਰਮਿਆਨ 15 ਸਾਲ ਰਾਜ ਦੀ ਸੇਵਾ ਕਰਦਾ ਰਿਹਾ।
ਇੱਕ ਕਿੱਸਾ ਹੈ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਇੱਕ ਦਿਨ ਬਾਦਲ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਅੰਮ੍ਰਿਤਸਰ ਜਾਵਾਂਗੇ, ਮੱਥਾ ਟੇਕਾਂਗੇ ਤੇ ਨਾਲ ਲੰਗਰ ਛਕਾਂਗੇ। ਮੈਂ ਅੰਮ੍ਰਿਤਸਰ ਪਹੁੰਚ ਗਿਆ ਅਤੇ ਇਕ ਗੈਸਟ ਹਾਊਸ ਵਿਚ ਆਪਣੇ ਕਮਰੇ ਵਿਚ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਥੇ ਆਏ ਅਤੇ ਮੇਰਾ ਸਾਮਾਨ ਚੁੱਕਣ ਲੱਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਜਿਸ ‘ਤੇ ਉਨ੍ਹਾਂ ਮੈਨੂੰ ਕਿਹਾ ਕਿ ਮੈਨੂੰ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਵਾਲੇ ਕਮਰੇ ਵਿੱਚ ਹੀ ਰਹਿਣਾ ਪਏਗਾ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ, ਪਰ ਉਨ੍ਹਾਂ ਨਹੀਂ ਮੰਨੇ। ਅਖੀਰ ਮੈਨੂੰ ਉਸੇ ਕਮਰੇ ਵਿੱਚ ਰਹਿਣਾ ਪਿਆ ਤੇ ਬਾਦਲ ਸਾਹਬ ਦੂਜੇ ਕਮਰੇ ਵਿੱਚ ਰੁਕ ਗਏ। ਮੇਰੇ ਵਰਗੇ ਇੱਕ ਬਹੁਤ ਹੀ ਸਾਧਾਰਨ ਵਰਕਰ ਪ੍ਰਤੀ ਉਨ੍ਹਾਂ ਦੇ ਇਸ ਭਾਵ ਨੂੰ ਮੈਂ ਅੱਜ ਵੀ ਨਹੀਂ ਭੁਲ ਸਕਿਆ ਹਾਂ।
ਸਾਬਦਲ ਸਾਹਿਬ ਦੂ ਗਊਸ਼ਾਲਾਵਾਂ ਵਿੱਚ ਵੀ ਬਹੁਤ ਖਾਸ ਦਿਲਚਸਪੀ ਸੀ ਅਤੇ ਉਹ ਵੱਖ-ਵੱਖ ਨਸਲਾਂ ਦੀਆਂ ਗਾਵਾਂ ਰਖਦੇ ਸਨ। ਸਾਡੀ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਮੈਨੂੰ ਦੱਸਿਆ ਕਿ ਗਿਰ ਦੀਆਂ ਗਾਵਾਂ ਨੂੰ ਪਾਲਣ ਦੀ ਉਨ੍ਹਾਂ ਦੀ ਇੱਛਾ ਹੈ। ਮੈਂ ਉਨ੍ਹਾਂ ਲਈ 5 ਗਾਵਾਂ ਦੀ ਵਿਵਸਥਾ ਕੀਤੀ ਅਤੇ ਉਸ ਮਗਰੋਂ ਜਦੋਂ ਵੀ ਅਸੀਂ ਮਿਲਦੇ ਤਾਂ ਉਹ ਮੇਰੇ ਨਾਲ ਗਾਵਾਂ ਬਾਰੇ ਗੱਲ ਕਰਦੇ ਅਤੇ ਮਜ਼ਾਕ ਵੀ ਕਰਦੇ ਕਿ ਉਹ ਗਾਵਾਂ ਹਰ ਤਰ੍ਹਾਂ ਤੋਂ ਗੁਜਰਾਤੀ ਹਨ ਕਿਉਂਕਿ ਉਹ ਕਦੇ ਗੁੱਸਾ ਨਹੀਂ ਕਰਦੀਆਂ, ਉਤੇਜਿਤ ਨਹੀਂ ਹੁੰਦੀਆਂ ਜਾਂ ਕਿਸੇ ‘ਤੇ ਹਮਲਾ ਨਹੀਂ ਕਰਦੀਆਂ। ਇੱਥੋਂ ਤੱਕ ਕਿ ਜਦੋਂ ਬੱਚੇ ਖੇਡ ਰਹੇ ਹੁੰਦੇ ਹਨ ਉਦੋਂ ਵੀ ਨਹੀਂ। ਉਹ ਕਹਿੰਦੇ ਸਨ ਕਿ ਗੁਜਰਾਤੀ ਵੀ ਉਨ੍ਹਾਂ ਗਾਵਾਂ ਦਾ ਦੁੱਧ ਪੀ ਕੇ ਨਿਮਰ ਹੁੰਦੇ ਹਨ।
2001 ਤੋਂ ਬਾਅਦ ਮੈਨੂੰ ਬਾਦਲ ਸਾਹਿਬ ਨਾਲ ਇੱਕ ਵੱਖਰੇ ਰੂਪ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ। ਹੁਣ ਅਸੀਂ ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀ ਸੀ। ਮੈਨੂੰ ਖਾਸ ਤੌਰ ‘ਤੇ ਪਾਣੀ ਦੀ ਸੰਭਾਲ, ਪਸ਼ੂਪਾਲਣ ਤੇ ਡੇਅਰੀ ਸਣੇ ਖੇਤੀ ਨਾਲ ਸਬੰਧਤ ਕਈ ਮੁੱਦਿਆਂ ‘ਤੇ ਬਾਦਲ ਸਾਹਿਬ ਦਾ ਮਾਰਗਦਰਸ਼ਨ ਲੈਣ ਦੀ ਖੁਸ਼ਨਸੀਬੀ ਹਾਸਲ ਹੋਈ।
ਇੱਕ ਵਾਰ ਉਨ੍ਹਾਂ ਮੈਨੂੰ ਕਿਹਾ ਸੀ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਅਲੰਗ ਸ਼ਿਪਯਾਰਡ ਵਿੱਚ ਕੰਮ ਕਿਵੇਂ ਹੁੰਦਾ ਹੈ। ਫਿਰ ਉਹ ਉਥੇ ਆਏ ਅਤੇ ਪੂਰਾ ਦਿਨ ਵੱਖਰੇ ਸ਼ਿਪਯਾਰਡ ਵਿੱਚ ਬਿਤਾਇਆ ਅਤੇ ਚੰਗੀ ਤਰ੍ਹਾਂ ਸਮਝਿਆ ਕਿ ਰੀਸਾਈਕਲਿੰਗ ਕਿਵੇਂ ਹੁੰਦੀ ਹੈ। ਉਨ੍ਹਾ ਦੀ ਨਵੀਆਂ-ਨਵੀਆਂ ਚੀਜ਼ਾਂ ਨੂੰ ਜਾਣਨ ਤੇ ਸਿੱਖਣ ਦੀ ਦਿਲਚਸਪੀ ਹਮੇਸ਼ਾ ਹੁੰਦੀ ਸੀ।
2014 ਵਿੱਚ ਕੇਂਦਰ ਨੇ ਐੱਨ.ਡੀ.ਏ. ਸਰਕਾਰ ਦੇ ਆਉਣ ਤੋਂ ਬਾਅਦ ਵੀ ਸਮੇਂ-ਸਮੇਂ ‘ਤੇ ਉਨ੍ਹਾਂ ਦਾ ਸਮਰਥਨ ਮੈਨੂੰ ਮਿਲਦਾ ਰਿਹਾ। ਉਨ੍ਹਾਂ ਨੇ ਇਤਿਹਾਸਕ ਜੀ.ਐੱਸ.ਟੀ. ਸਣੇ ਕਈ ਵੱਡੇ ਸੁਧਾਰਾਂ ਦਾ ਪੁਰਜ਼ੋਰ ਸਮਰਥਨ ਕੀਤਾ। ਉਹ ਐਮਰਜੈਂਸੀ ਦੇ ਕਾਲੇ ਦਿਨਾਂ ਦੌਰਾਨ ਲੋਕਤੰਤਰ ਦੀ ਬਹਾਲੀ ਲਈ ਬਹਾਦਰ ਸਿਪਾਹੀਆਂ ਵਿੱਚੋਂ ਸਨ। ਜਦੋਂ ਉਨ੍ਹਾਂ ਦੀਆਂ ਸਰਕਾਰਾਂ ਬਰਖ਼ਾਸਤ ਕੀਤੀਆਂ ਗਈਆਂ ਸਨ ਤਾਂ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਹੰਕਾਰ ਤੇ ਜ਼ੁਲਮਾਂ ਦਾ ਸਾਹਮਣਾ ਕੀਤਾ।
1970 ਅਤੇ 1980 ਦੇ ਦਹਾਕਿਆਂ ਦੇ ਉਥਲ-ਪੁਥਲ ਵਾਲੇ ਦੌਰ ਦੌਰਾਨ, ਬਾਦਲ ਸਾਹਿਬ ਨੇ “ਪੰਜਾਬ ਫਰਸ ਅਤੇ ਇੰਡੀਆ ਫਰਸਟ” ਦੀ ਗੱਲ ਰਖੀ ਅਤੇ ਕਿਸੇ ਵੀ ਅਜਿਹੀ ਯੋਜਨਾ ਦਾ ਦ੍ਰਿੜਤਾ ਨਾਲ ਵਿਰੋਧ ਕੀਤਾ ਜੋ ਭਾਰਤ ਨੂੰ ਕਮਜ਼ੋਰ ਬਣਾਉਂਦੀ ਸੀ ਜਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਸਮਝੌਤਾ ਕਰਦੀ ਸੀ, ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਈ ਹੋਵੇ।
ਇਹ ਵੀ ਪੜ੍ਹੋ : ‘ਨਫਰਤ ਭਰੇ ਭਾਸ਼ਣਾਂ ‘ਤੇ ਬਿਨਾਂ ਸ਼ਿਕਾਇਤ ਤੋਂ ਵੀ ਕੀਤੀ ਜਾਵੇ FIR’- ਸੁਪਰੀਮ ਕੋਰਟ ਦੇ ਰਾਜਾਂ ਨੂੰ ਨਿਰਦੇਸ਼
ਬਾਦਲ ਸਾਹਿਬ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਸਾਰੀਆਂ ਵਿਚਾਰਧਾਰਾਵਾਂ ਦੇ ਨੇਤਾਵਾਂ ਨਾਲ ਕੰਮ ਕਰ ਸਕਦੇ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਪੈਦਾ ਹੋਏ ਖਲਾਅ ਨੂੰ ਭਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਹਮੇਸ਼ਾ ਸਿਆਸੀ ਫਾਇਦੇ-ਨੁਕਸਾਨ ਤੋਂ ਹੱਟ ਕੇ ਕੌਮੀ ਏਕਤਾ ਦੀ ਭਾਵਨਾ ਨਾਲ ਕੰਮ ਕੀਤਾ। ਉਹ ਅੱਜ ਭਾਵੇਂ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਸ਼ਖਸੀਅਤ ਤੇ ਕੰਮ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਦੀ ਕਮੀ ਤਾਂ ਸਾਨੂੰ ਜ਼ਰੂਰ ਖਲੇਗੀ, ਪਰ ਇਹ ਵੀ ਸੱਚ ਹੈ ਕਿ ਉਹ ਸਾਡੇ ਸਾਰਿਆਂ ਦੇ ਦਿਲਾਂ ‘ਚ ਜਿਊਂਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: