ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਪਿਹਰੀਦ ਪਿੰਡ ਵਿਚ ਬੋਰਵੈੱਲ ਦੇ ਗੱਡੇ ‘ਚ ਡਿੱਗੇ ਰਾਹੁਲ ਨੂੰ ਕੱਢਣ ਲਈ ਬਚਾਅ ਮੁਹਿੰਮ ਜਾਰੀ ਹੈ। ਉਸ ਦੇ ਬਚਾਅ ਲਈ ਨਵੀਂ ਸੁਰੰਗ ਖੋਦੀ ਜਾ ਰਹੀ ਹੈ। ਰਾਹੁਲ ਨੂੰ ਬਾਹਰ ਕੱਢਣ ਦੀ ਕਮਾਨ ਸੈਨਾ ਨੇ ਆਪਣੇ ਹੱਥ ਵਿਚ ਸੰਭਾਲ ਲਈ ਹੈ। ਕੁਝ ਹੀ ਘੰਟਿਆਂ ਵਿਚ ਉਸ ਨੂੰ ਸੁਰੱਖਿਅਤ ਕੱਢਣ ਜਾਣ ਦੀ ਉਮੀਦ ਪ੍ਰਗਟਾਈ ਹੈ। ਰੈਸਕਿਊ ਟੀਮ ਉਸ ਦੇ ਨੇੜੇ ਪਹੁੰਚ ਚੁੱਕੀ ਹੈ ਪਰ ਰਸਤੇ ਵਿਚ ਵੱਡੀ ਚੱਟਾਨ ਦੇ ਆ ਜਾਣ ਕਾਰਨ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਦੁਪਹਿਰ ਵਿਚ ਰਾਹੁਲ ਦੇ ਸਰੀਰ ਵਿਚ ਹਲਚਲ ਦਿਖੀ ਸੀ।
ਘਟਨਾ ਵਾਲੀ ਥਾਂ ਤੋਂ ਬਿਲਾਸਪੁਰ ਦੇ ਅਪੋਲੋ ਹਸਪਤਾਲ ਤੱਕ ਗ੍ਰੀਨ ਕਾਰੀਡੋਰ ਬਣਾ ਦਿੱਤਾ ਗਿਆ ਹੈ ਤਾਂ ਕਿ ਰਾਹੁਲ ਦੇ ਨਿਕਲਦੇ ਹੀ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ। 10 ਜੂਨ ਦੀ ਸ਼ਾਮ ਨੂੰ ਰਾਹੁਲ ਖੇਡਦੇ-ਖੇਡਦੇ ਬੋਰਵੈੱਲ ਦੇ ਖੁੱਲ੍ਹੇ ਗੱਡੇ ਵਿਚ ਡਿੱਗ ਗਿਆ ਸੀ। ਉਦੋਂ ਤੋਂ ਉਸ ਨੂੰ ਕੱਢਣ ਲਈ ਲਗਾਤਾਰ ਰੈਸਕਿਊ ਚੱਲ ਰਿਹਾ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ NDRF, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ SDRF, ਗੁਜਰਾਤ ਦੀ ਰੋਬੋਟਿਕ ਟੀਮ ਤੋਂ ਬਾਅਦ ਹੁਣ ਫੌਜ ਨੇ ਆਪਰੇਸ਼ਨ ਦੀ ਕਮਾਨ ਸੰਭਾਲ ਲਈ ਹੈ। ਬੋਰਵੈੱਲ ਵਿਚ ਪਾਣੀ ਦਾ ਪੱਧਰ ਵਧਦਾ ਦੇਖ ਕੇ ਪੂਰੇ ਪਿੰਡ ਦੇ ਬੋਰਵੈੱਲ ਨੂੰ ਕਈ ਘੰਟੇ ਤੱਕ ਚਲਾਇਆ ਗਿਆ। ਪਿੰਡ ਦੇ ਚੈਕਡੈਮ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਤਾਂ ਕਿ ਰਾਹੁਲ ਪਾਣੀ ਵਿਚ ਨਾ ਫਸ ਜਾਵੇ। ਰੈਸਕਿਊ ਟੀਮ ਸੁਰੰਗ ਬਣਾ ਕੇ ਜਿਥੇ ਤੱਕ ਪਹੁੰਚੀ ਹੈ, ਉਸ ਦੇ ਉਪਰ ਦੀ ਚੱਟਾਨ ਦੇ ਦੂਜੇ ਪਾਸੇ ਰਾਹੁਲ ਬੈਠਾ ਹੈ।
ਟਾਰਚ ਦੀ ਰੌਸ਼ਨੀ ਵਿਚ ਚੱਟਾਨ ਨੂੰ ਕੱਟਣ ਦਾ ਕੰਮ ਚੱਲ ਰਿਹਾ ਹੈ। ਫੌਜ ਦੇ ਜਵਾਨ ਸੁਰੰਗ ਵਿਚ ਬੈਠ ਕੇ ਕੰਮ ਕਰ ਰਹੇ ਹਨ। ਵੱਡੀ ਮਸ਼ੀਨ ਦੇ ਇਸਤੇਮਾਲ ਨਾਲ ਕੰਪਨ ਹੋਣ ਦੇ ਖਤਰੇ ਨੂੰ ਦੇਖਦੇ ਹੋਏ ਹੈਂਡ ਡ੍ਰਿਲਿੰਗ ਮਸ਼ੀਨ ਤੇ ਸਟੋਨ ਬ੍ਰੇਕਰ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਹੁਲ ਦੇ ਸੁਰੱਖਿਅਤ ਕੱਢੇ ਜਾਣ ਨੂੰ ਲੈ ਕੇ ਜਗ੍ਹਾ-ਜਗ੍ਹਾ ਪ੍ਰਾਰਥਨਾਵਾਂ ਵੀ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: