ਪੰਜਾਬ ਵਿਚ ਇੱਕ ਵਾਰ ਫਿਰ ਤੋਂ ਬਿਜਲੀ ਦੀ ਮੰਗ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿਚ ਬਿਜਲੀ ਦੀ ਮੰਗ 9067 ਮੈਗਾਵਾਟ ਰਹੀ। ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਰੋਪੜ ਪਲਾਂਟ ਦੀ ਬੰਦ ਪਈ ਇਕ ਯੂਨਿਟ ਨੂੰ ਚਾਲੂ ਕਰ ਦਿੱਤਾ।
ਹਾਲਾਂਕਿ ਰੋਪੜ, ਲਹਿਰਾ ਮੁਹੱਬਤ, ਤਲਵੰਡੀ ਸਾਬੋ ਤੇ ਗੋਇੰਦਵਾਲ ਦੀ 1-1 ਯੂਨਿਟ ਅਜੇ ਵੀ ਬੰਦ ਪਈ ਹੈ ਜਿਸ ਕਾਰਨ ਪੰਜਾਬ ਵਿਚ ਬਿਜਲੀ ਦੀ ਕਮੀ ਹੈ। ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਬਰਕਰਾਰ ਹੈ। ਪੰਜਾਬ ਦੇ ਰੋਪੜ ਥਰਮਲ ਪਲਾਂਟ ‘ਚ 5, ਲਹਿਰਾ ਮੁਹੱਬਤ ‘ਚ 2, ਤਲਵੰਡੀ ਸਾਬੋ ‘ਚ 6, ਰਾਜਪੁਰਾ ‘ਚ 20 ਤੇ ਗੋਇੰਦਵਾਲ ਵਿਚ 2 ਦਿਨਾਂ ਦਾ ਕੋਲਾ ਬਚਿਆ ਹੈ।
ਪੰਜਾਬ ਵਿਚ ਇੱਕ ਵਾਰ ਫਿਰ ਗਰਮੀ ਵਧਦੇ ਹੀ ਬਿਜਲੀ ਦੀ ਮੰਗ 9076 ਮੈਗਾਵਾਟ ਦਰਜ ਕੀਤੀ ਗਈ ਜਦੋਂ ਕਿ ਵੀਰਵਾਰ ਨੂੰ ਮੰਗ 8537 ਮੈਗਾਵਾਟ ਦਰਜ ਕੀਤੀ ਗਈ ਸੀ। ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਤੇਜ਼ ਮੀਂਹ ਕਾਰਨ ਮੰਗ ਇੱਕਦਮ ਤੋਂ ਘੱਟ ਕੇ 7,000 ਮੈਗਾਵਾਟ ਤੱਕ ਪਹੁੰਚ ਗਈ ਸੀ।
ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਪਾਵਰਕਾਮ ਨੇ ਸ਼ੁੱਕਰਵਾਰ ਨੂੰ ਆਪਣੇ ਰੋਪੜ ਪਲਾਂਟ ਦੀ 210 ਮੈਗਾਵਾਟ ਦੀ ਇੱਕ ਯੂਨਿਟ ਨੂੰ ਚਾਲੂ ਕਰ ਦਿੱਤਾ ਪਰ ਰੋਪੜ ਪਲਾਂਟ ਸਣੇ ਲਹਿਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਦੀਆਂ ਚਾਰ ਯੂਨਿਟਾਂ ਦੇ ਬੰਦ ਰਹਿਣ ਨਾਲ ਸ਼ੁੱਕਰਵਾਰ ਨੂੰ 1350 ਮੈਗਾਵਾਟ ਬਿਜਲੀ ਦੀ ਸਪਲਾਈ ਠੱਪ ਰਹੀ। ਇਸ ਕਾਰਨ ਮੰਗ ਦੇ ਮੁਕਾਬਲੇ ਪਾਵਰਕਾਮ ਕੋਲ 3932 ਮੈਗਾਵਾਟ ਬਿਜਲੀ ਦੀ ਉਪਲਬਧਤਾ ਰਹੀ। ਇਸ ‘ਚ ਪਾਵਰਕਾਮ ਨੂੰ ਆਪਣੇ ਰੋਪੜ ਤੇ ਲਹਿਰਾ ਦੀਆਂ ਯੂਨਿਟਾਂ ਤੋਂ 1124 ਮੈਗਾਵਾਟ ਬਿਜਲੀ ਮਿਲੀ।
ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 2400 ਮੈਗਾਵਾਟ ਤੇ ਹਾਈਡਲ ਤੋਂ 357 ਮੈਗਾਵਾਟ, ਨਾਨ ਸੋਲਰ ਪ੍ਰਾਜੈਕਟਾਂ ਤੋਂ 68 ਮੈਗਾਵਾਟ ਤੇ ਹੋਰ ਸਰੋਤਾਂ ਤੋਂ ਬਿਜਲੀ ਪ੍ਰਾਪਤ ਹੋਈ। ਮੰਗ ਦੇ ਮੁਕਾਬਲੇ ਸਪਲਾਈ ਘੱਟ ਹੋਣ ਕਾਰਨ 5135 ਮੈਗਾਵਾਟ ਬਿਜਲੀ ਦੀ ਕਮੀ ਰਹੀ। ਇਸ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਬਾਹਰ ਤੋ 4100 ਮੈਗਾਵਾਟ ਬਿਜਲੀ ਲਈ ਫਿਰ ਵੀ 1035 ਮੈਗਾਵਾਟ ਬਿਜਲੀ ਦੀ ਕਮੀ ਰਹੀ।
ਵੀਡੀਓ ਲਈ ਕਲਿੱਕ ਕਰੋ -: