ਨੂਪੁਰ ਸ਼ਰਮਾ ਦੀ ਹੱਤਿਆ ਕਰਨ ਆਏ ਪਾਕਿਸਤਾਨੀ ਘੁਸਪੈਠੀਆ ਰਿਜਵਾਨ ਅਸ਼ਰਫ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸ਼੍ਰੀਗੰਗਾਨਗਰ ਪੁਲਿਸ ਨੇ ਦੱਸਿਆ ਕਿ ਉਸ ਨੇ ਪਾਕਿਸਤਾਨ ਵਿਚ ਆਪਣੇ ਘਰ ਤੋਂ ਬਾਰਡਰ ਤੱਕ 160 ਕਿਲੋਮੀਟਰ ਦਾ ਰਸਤਾ ਤੈਅ ਕਰਨ ਲਈ 5 ਬੱਸਾਂ ਬਦਲੀਆਂ ਸਨ। ਬਾਰਡਰ ਪਾਰ ਕਰਨ ਲਈ ਉਹ ਗੂਗਲ ਮੈਪ ਦੀ ਮਦਦ ਨਾਲ 20 ਕਿਲੋਮੀਟਰ ਤੱਕ ਪੈਦਲ ਚੱਲਿਆ। ਹਾਲਾਂਕਿ ਉਸ ਦੀ ਯੋਜਨਾ ਫੇਲ ਹੋ ਗਈ ਤੇ ਬਾਰਡਰ ਪਾਰ ਕਰਦੇ ਬੀਐੱਸਐੱਫ ਨੇ ਉਸ ਨੂੰ ਫੜ ਲਿਆ।
ਸ਼੍ਰੀਗੰਗਾਨਗਰ ਦੇ ਐੱਸਪੀ ਆਨੰਦ ਸ਼ਰਮਾ ਨੇ ਦੱਸਿਆ ਕਿ 24 ਸਾਲ ਦਾ ਦੋਸ਼ੀ ਰਿਜਵਾਨ ਇੰਟਰਨੈਸ਼ਨਲ ਬਾਰਡਰ ਤੋਂ ਲਗਭਗ 180 ਕਿਲੋਮੀਟਰ ਦੂਰ ਪਾਕਿਸਤਾਨ ਵਿਚ ਪੰਜਾਬ ਦੇ ਕੋਠੀਆਲ ਸ਼ੇਖ ਦਾ ਰਹਿਣ ਵਾਲਾ ਹੈ। ਬੀਐੱਸਐੱਫ ਪੈਟਰੋਲਿੰਗ ਟੀਮ ਨੇ ਉਸ ਨੂੰ 16 ਜੁਲਾਈ ਦੀ ਰਾਤ ਲਗਭਗ 11 ਵਜੇ ਹਿੰਦੁਮਲਕੋਟ ਬਾਰਡਰ ਫੇਸਿੰਗ ‘ਤੇ ਫੜਿਆ ਸੀ। ਰਿਜਵਾਨ ਨੇ ਮੌਲਵੀਆਂ ਦੀ ਮੀਟਿੰਗ ਤੋਂ ਬਾਅਦ ਨੁਪੂਰ ਦੀ ਹੱਤਿਆ ਦਾ ਪਲਾਨ ਬਣਾਇਆ ਸੀ।
ਗੰਗਾਨਗਰ ਦੇ ਐਸਪੀ ਨੇ ਕਿਹਾ ਕਿ ਰਿਜ਼ਵਾਨ ਨੇ ਕਬੂਲ ਕੀਤਾ ਹੈ ਕਿ ਉਹ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਤੋਂ ਬਹੁਤ ਨਾਰਾਜ਼ ਸੀ। ਉਹ ਉਸ ਨੂੰ ਮਾਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਭਾਰਤ ਵਿਚ ਦਾਖਲ ਹੋਣ ਦਾ ਫੈਸਲਾ ਕੀਤਾ। ਹਾਲਾਂਕਿ, ਉਸਨੂੰ ਇਹ ਨਹੀਂ ਪਤਾ ਸੀ ਕਿ ਉਹ ਭਾਰਤ ਵਿੱਚ ਕਿਸ ਪੋਸਟ ‘ਤੇ ਪਹੁੰਚੇਗਾ ਜਾਂ ਨੂਪੁਰ ਸ਼ਰਮਾ ਕਿੱਥੇ ਰਹਿੰਦੀ ਹੈ। ਇਸ ਦੇ ਬਾਵਜੂਦ ਉਸ ਨੂੰ ਭਰੋਸਾ ਸੀ ਕਿ ਉਹ ਨੂਪੁਰ ਨੂੰ ਲੱਭ ਲਵੇਗੀ।
ਭਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਰਿਜ਼ਵਾਨ ਸ੍ਰੀ ਗੰਗਾਨਗਰ ਤੋਂ ਅਜਮੇਰ ਦਰਗਾਹ ਜਾਣਾ ਚਾਹੁੰਦਾ ਸੀ। ਉੱਥੇ ਚਾਦਰ ਚੜ੍ਹਾਉਣ ਤੋਂ ਬਾਅਦ ਉਸ ਨੇ ਨੂਪੁਰ ਸ਼ਰਮਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਤੋਂ ਪਹਿਲਾਂ ਵੀ ਉਹ ਬੀਐਸਐਫ ਦੀਆਂ ਨਜ਼ਰਾਂ ਵਿੱਚ ਆ ਗਿਆ । ਬੀਐਸਐਫ ਨੇ ਰਿਜ਼ਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਤਲਾਸ਼ੀ ਲੈਣ ‘ਤੇ ਰਿਜ਼ਵਾਨ ਦੇ ਕਬਜ਼ੇ ‘ਚੋਂ ਦੋ ਚਾਕੂ ਬਰਾਮਦ ਹੋਏ। ਇਸ ਤੋਂ ਇਲਾਵਾ ਧਾਰਮਿਕ ਪੁਸਤਕਾਂ, ਨਕਸ਼ੇ, ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਵੀ ਮਿਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨੂਪੁਰ ਦੀ ਵਿਵਾਦਤ ਟਿੱਪਣੀ ਨੂੰ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਈ ਇਲਾਕਿਆਂ ਵਿਚ ਕੱਟੜਪੰਥੀਆਂ ਅਤੇ ਮੌਲਵੀਆਂ ਦੀ ਮੀਟਿੰਗ ਹੋਈ ਸੀ। ਮੰਡੀ ਖੇਤਰ ਵਿੱਚ ਅਜਿਹੀ ਹੀ ਇੱਕ ਮੀਟਿੰਗ ਵਿੱਚ ਮੌਲਵੀਆਂ ਦੇ ਉਕਸਾਹਟ ਤਹਿਤ ਰਿਜ਼ਵਾਨ ਨੇ ਨੂਪੁਰ ਸ਼ਰਮਾ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਭਾਰਤੀ ਸਰਹੱਦ ਵਿੱਚ ਪਹੁੰਚ ਗਿਆ।
ਐਸਪੀ ਨੇ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ। ਬੀਐਸਐਫ ਅਤੇ ਫੌਜ ਦੇ ਸੀਨੀਅਰ ਅਧਿਕਾਰੀ ਵੀ ਪੁੱਛਗਿੱਛ ਲਈ ਪਹੁੰਚ ਗਏ ਹਨ। ਏਡੀਜੀ (ਸੁਰੱਖਿਆ) ਐਸ ਸੇਂਗਾਥਿਰ ਵੀ ਸ੍ਰੀਗੰਗਾਨਗਰ ਪਹੁੰਚ ਗਏ ਹਨ। ਸਾਰੇ ਅਧਿਕਾਰੀ ਘੁਸਪੈਠੀਏ ਤੋਂ ਕੁਝ ਨਵਾਂ ਜਾਣਨ ਅਤੇ ਭਾਰਤ ਦੇ ਕਿਸੇ ਸੰਗਠਨ ਨਾਲ ਉਸਦੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: