ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਕਲ ਪੁਆਇੰਟ ਨੇੜੇ ਆਰਤੀ ਸਟੀਲ ਦੇ ਸਾਹਮਣੇ ਇੱਕ ਪੈਟਰੋਲ ਪੰਪ ਤੇ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁੱਟ ਦੀ ਰਕਮ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਬਾਈਕ ਸਵਾਰ ਦੋ ਨੌਜਵਾਨ ਪੰਪ ‘ਤੇ ਪੈਟਰੋਲ ਭਰਵਾਉਣ ਆਏ ਸਨ। ਜਦੋਂ ਮੁਲਾਜ਼ਮ ਵੱਲੋਂ ਪੈਸੇ ਮੰਗੇ ਗਏ ਤਾਂ ਦੋਵਾਂ ਨੌਜਵਾਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਲੱਗੇ। ਥਾਣਾ ਮੋਤੀ ਨਗਰ ਦੀ ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਜੁਟ ਗਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਬਾਈਕ ਸਵਾਰ ਨੌਜਵਾਨਾਂ ਨੇ ਆਪਣੇ 5 ਤੋਂ 7 ਸਾਥੀਆਂ ਨੂੰ ਮੌਕੇ ‘ਤੇ ਬੁਲਾਇਆ। ਬਦਮਾਸ਼ਾਂ ਨੇ ਮੁਲਾਜ਼ਮਾਂ ‘ਤੇ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਮੁਲਾਜ਼ਮਾਂ ਨੇ ਕੈਬਿਨ ਵਿੱਚ ਲੁੱਕ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ ਉਸ ਨੂੰ ਘੜੀਸ ਕੇ ਕੈਬਿਨ ਤੋਂ ਬਾਹਰ ਲੈ ਗਏ। ਬਦਮਾਸ਼ਾਂ ਦੀ ਸਾਰੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਮਲੇ ਤੋਂ ਬਾਅਦ ਪੰਪ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੰਪ ਮਾਲਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਮੁਲਾਜ਼ਮ ਮੁਕੇਸ਼ ਤੋਂ 10 ਹਜ਼ਾਰ ਰੁਪਏ ਲੁੱਟ ਲਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪੰਪ ਦੀਆਂ ਨੋਜ਼ਲਾਂ, ਦੋ ਐਲਸੀਡੀ ਅਤੇ ਸੀਸੀਟੀਵੀ ਕਮਰੇ ਵਿੱਚ ਪਈਆਂ ਮਸ਼ੀਨਾਂ ਨੂੰ ਤੋੜ ਦਿੱਤਾ। ਇਹ ਬਦਮਾਸ਼ 110 ਰੁਪਏ ਦਾ ਤੇਲ ਭਰਨ ਦੇ ਬਹਾਨੇ ਆਏ ਸਨ। ਇੰਦਰਜੀਤ ਅਨੁਸਾਰ ਇਹ ਹਮਲਾਵਰ ਪੰਪ ਨੂੰ ਲੁੱਟਣ ਅਤੇ ਅੱਗ ਲਾਉਣ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਆਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ! ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ
ਪੰਪ ਦੇ ਬਾਹਰ ਢਾਬੇ ਦੇ ਮਾਲਕ ਮਨੀ ਨੇ ਹੰਗਾਮਾ ਸੁਣ ਕੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਦਮਾਸ਼ਾਂ ਨੇ ਮਨੀ ਦੀ ਵੀ ਕੁੱਟਮਾਰ ਕੀਤੀ। ਮਨੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਪੈਟਰੋਲ ਪੰਪ ‘ਤੇ ਮੌਜੂਦ ਦੋ ਮੁਲਾਜ਼ਮ ਮੁਕੇਸ਼ ਅਤੇ ਸੰਜੀਵ ਜ਼ਖ਼ਮੀ ਹੋਏ ਹਨ। ਸੰਜੀਵ ਹਸਪਤਾਲ ‘ਚ ਦਾਖਲ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਅਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਿਸ ਨੇ ਰਾਤ ਨੂੰ ਹੀ ਇੱਕ ਹਮਲਾਵਰ ਨੂੰ ਫੜ ਲਿਆ ਜਦਕਿ ਬਾਕੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: