Rohtak haryana Murder case : ਰੋਹਤਕ ਵਿੱਚ ਜਾਟ ਕਾਲਜ ਵਿੱਚ ਕੋਚ ਸੁਖਵਿੰਦਰ ਸਿੰਘ ਵੱਲੋਂ ਕੀਤੇ ਗਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ। ਮਨੋਜ ਅਤੇ ਸਾਕਸ਼ੀ ਦੇ ਤਿੰਨ ਸਾਲਾ ਮਾਸੂਮ ਪੁੱਤਰ ਸਰਤਾਜ ਨੇ ਵੀ ਘਟਨਾ ਦੇ ਚਾਰ ਦਿਨਾਂ ਬਾਅਦ ਪੀਜੀਆਈ ਰੋਹਤਕ ਵਿੱਚ ਦਮ ਤੋੜ ਦਿੱਤਾ। ਸਰਤਾਜ ਦੇ ਸਿਰ ਵਿਚ ਗੋਲੀ ਲੱਗੀ ਸੀ। ਇਸ ਕਤਲ ਵਿੱਚ ਦੋ ਮਹਿਲਾ ਪਹਿਲਵਾਨ ਅਤੇ ਤਿੰਨ ਕੋਚ ਪਹਿਲਾਂ ਹੀ ਮਰ ਚੁੱਕੇ ਹਨ। ਦੋਸ਼ੀ ਕੁਸ਼ਤੀ ਕੋਚ ਸੁਖਵਿੰਦਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਐਸਆਈਟੀ ਉਸਨੂੰ ਪ੍ਰੋਡਕਸ਼ਨ ਵਾਰੰਟ ‘ਤੇ ਰੋਹਤਕ ਲੈ ਕੇ ਆਈ ਹੈ।
ਦੱਸਣਯੋਗ ਹੈ ਕਿ ਦੋਸ਼ੀ ਕੋਚ ਸੁਖਵਿੰਦਰ ਦਾ ਚਾਲ-ਚਲਣ ਸਹੀ ਨਹੀਂ ਸੀ। ਜਿਸ ਕਾਰਨ ਉਸਦੇ ਪਿਤਾ ਮੇਹਰ ਸਿੰਘ ਨੇ ਉਸਨੂੰ ਬੇਦਖਲ ਕਰ ਦਿੱਤਾ। ਪਤਨੀ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ। ਦੋਸ਼ੀ ਪਹਿਲਾਂ ਮੇਹਰ ਸਿੰਘ ਅਖਾੜੇ ਵਿੱਚ ਕੋਚ ਸੀ। ਜਿੱਥੋਂ ਉਸ ਦੇ ਚਾਲ-ਚਲਨ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੇ ਜਾਟ ਕਾਲਜ ਅਖਾੜੇ ਵਿੱਚ ਕੋਚਿੰਗ ਸ਼ੁਰੂ ਕੀਤੀ। ਇਥੇ ਵੀ ਉਸ ਦਾ ਚਾਲ-ਚਲਨ ਠੀਕ ਨਹੀਂ ਸੀ, ਜਿਸਦੇ ਬਾਅਦ ਉਸਨੂੰ ਇਥੋਂ ਵੀ ਹਟਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਸਿਰਫਿਰੇ ਕੋਚ ਨੇ ਪੂਰੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ।
ਰੋਹਤਕ ਦੇ ਜਾਟ ਕਾਲਜ ਵਿਖੇ ਸ਼ੁੱਕਰਵਾਰ ਰਾਤ ਨੂੰ ਕੁਸ਼ਤੀ ਕੋਚ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਿਸ ਵਿੱਚ ਤਿੰਨ ਕੋਚਾਂ ਅਤੇ ਇੱਕ ਮਹਿਲਾ ਪਹਿਲਵਾਨ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਗੋਲੀ ਨਾਲ ਸਾਕਸ਼ੀ ਤੇ ਮਨੋਜ ਦ ਤਿੰਨ ਸਾਲਾ ਬੱਚਾ ਅਤੇ ਇਕ ਹੋਰ ਕੋਚ ਗੰਭੀਰ ਜ਼ਖਮੀ ਹੋ ਗਏ, ਜਿਥੇ ਹੁਣ ਇਸ ਮਾਸੂਮ ਦੀ ਮੌਤ ਹੋ ਗਈ। ਮ੍ਰਿਤਕ ਕੋਚ ਮਨੋਜ ਦੇ ਭਰਾ ਪ੍ਰਮੋਜ ਅਨੁਸਾਰ ਪੰਜ ਦਿਨ ਪਹਿਲਾਂ ਪੂਜਾ ਨੇ ਸੁਖਵਿੰਦਰ ਨੂੰ ਆਪਣੇ ਪਰਿਵਾਰ ਕੋਲ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੁਖਵਿੰਦਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ। ਇਸੇ ਦੁਸ਼ਮਣੀ ਵਿਚ ਦੋਸ਼ੀ ਨੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ।