ਪਾਕਿਸਤਾਨ ‘ਚ ਆਰਥਿਕ ਸੰਕਟ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਹਰ ਦਿਨ ਨਵੀਂ ਮੁਸੀਬਤ ਲੈ ਕੇ ਆ ਰਿਹਾ ਹੈ। ਇਸ ਸਿਲਸਿਲੇ ‘ਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਸੰਕਟ ਵਿੱਚ ਫਸੇ ਪਾਕਿਸਤਾਨ ਨੂੰ ਉਸ ਦੇ ਪੈਸੇ ਦਾ ਵੀ ਸਹਾਰਾ ਨਹੀਂ ਮਿਲ ਰਿਹਾ ਹੈ। ਹੁਣ ਪਾਕਿਸਤਾਨੀ ਰੁਪਿਆ ਵੀ ਡਾਲਰ ਦੇ ਮੁਕਾਬਲੇ ਪਿਛਲੇ 75 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂਹ ਗਿਆ ਹੈ।
ਵਪਾਰ ਦੇ ਦੌਰਾਨ ਇੱਕ ਸਮੇਂ ਮੁਦਰਾ ਖੁੱਲੇ ਬਾਜ਼ਾਰ ਵਿੱਚ 265 ਰੁਪਏ ਅਤੇ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ 266 ਰੁਪਏ ਤੱਕ ਡਿੱਗ ਗਈ ਸੀ। ਸਟੇਟ ਬੈਂਕ ਆਫ਼ ਪਾਕਿਸਤਾਨ ਮੁਤਾਬਕ ਜਦੋਂ ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਿਆ, ਤਾਂ ਮੁਦਰਾ ਵੀਰਵਾਰ ਦੀ ਬੰਦ ਕੀਮਤ ਤੋਂ 7.17 ਰੁਪਏ ਭਾਵ 2.73 ਫੀਸਦੀ ਘੱਟ ਗਈ।
ਦਰਅਸਲ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਕਰੰਸੀ ‘ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਇਹ ਅਮਰੀਕੀ ਕਰੰਸੀ ਦੇ ਮੁਕਾਬਲੇ 262.6 ਰੁਪਏ ‘ਤੇ ਪਹੁੰਚ ਗਿਆ। ਵੀਰਵਾਰ ਨੂੰ ਪਾਕਿਸਤਾਨੀ ਰੁਪਏ ‘ਚ ਲਗਭਗ 9.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਰੁਪਿਆ 1 ਡਾਲਰ ਦੇ ਮੁਕਾਬਲੇ 255.43 ਪਾਕਿਸਤਾਨੀ ਰੁਪਏ ‘ਤੇ ਪਹੁੰਚ ਗਿਆ ਸੀ। ਪਾਕਿਸਤਾਨੀ ਸਰਕਾਰ ਦੀ ਸਿਰਦਰਦੀ ਵਧ ਗਈ ਹੈ ਕਿਉਂਕਿ ਪਾਕਿਸਤਾਨੀ ਰੁਪਏ ਦੀ ਇਸ ਰਿਕਾਰਡ ਗਿਰਾਵਟ ‘ਤੇ ਵੀ ਰੁਕਣ ਦੀ ਕੋਈ ਉਮੀਦ ਨਹੀਂ ਹੈ ਅਤੇ ਹੁਣ ਇਹ ਅੰਕੜਾ 262.6 ਰੁਪਏ ਤੱਕ ਪਹੁੰਚ ਗਿਆ ਹੈ।
ਪਾਕਿਸਤਾਨੀ ਰੁਪਿਆ ਬੁੱਧਵਾਰ ਨੂੰ 230 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਬਾਜ਼ਾਰ ਖੁੱਲ੍ਹਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਇਹ ਹੋਰ ਡਿੱਗ ਕੇ 255 ਰੁਪਏ ‘ਤੇ ਆ ਗਿਆ। ਪਾਕਿਸਤਾਨ ਕਰਜ਼ੇ ਦੀ ਮੁੜ ਅਦਾਇਗੀ ‘ਤੇ ਡਿਫਾਲਟ ਤੋਂ ਬਚਣ ਲਈ 6 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਵਿੱਚੋਂ 1.1 ਬਿਲੀਅਨ ਡਾਲਰ ਦੀ ਮਹੱਤਵਪੂਰਨ ਕਿਸ਼ਤ ਚਾਹੁੰਦਾ ਹੈ। ਪਾਕਿਸਤਾਨ ਰਾਹਤ ਪੈਕੇਜ ਜਾਰੀ ਕਰਨ ਲਈ ਮੁਦਰਾ ਫੰਡ ਨਾਲ ਗੱਲਬਾਤ ਕਰ ਰਿਹਾ ਹੈ।
ਇਹ ਵੀ ਪੜ੍ਹੋ : AGTF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸੰਚਾਲਕ ਕਾਬੂ
ਵਿਸ਼ਲੇਸ਼ਕ ਅਹਿਸਾਨ ਰਸੂਲ ਦਾ ਕਹਿਣਾ ਹੈ ਕਿ ਰੁਪਏ ‘ਚ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਇਸ ਸਮੇਂ ਆਈਐੱਮਐੱਫ ਤੋਂ ਲੋੜੀਂਦਾ ਲੋਨ ਲੈਣ ਦੇ ਬਹੁਤ ਨੇੜੇ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਕੁਝ ਮਹੀਨਿਆਂ ਤੋਂ ਰੁਕੇ 6 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਨੂੰ ਬਹਾਲ ਕਰਨ ਲਈ ਆਈ.ਐੱਮ.ਐੱਫ. ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਕਮੀ ਦੇ ਵਿਚਕਾਰ ਪਾਕਿਸਤਾਨ ਬੁਰੀ ਆਰਥਿਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: