ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਇਸ ਦੀ ਮੁਹਿੰਮ ਨੂੰ ਲੋਕਾਂ ਵੱਲੋਂ ਹੋਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੇਖਣ ਵਾਲਿਆਂ ਦੀ ਗਿਣਤੀ ਦਿਨ ਦੁੱਗਣੀ ਰਾਤ ਚੌਗੁਣੀ ਰਫਤਾਰ ਨਾਲ ਵਧੀ ਹੈ। ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਪ੍ਰਤੀ ਇੰਨਾ ਭਰਵਾਂ ਹੁੰਗਾਰਾ ਦੇਣ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ।
ਉਹਨਾਂ ਦੱਸਿਆ ਕਿ ਰਿਲੀਜ਼ ਕਰਨ ਤੋਂ ਬਾਅਦ ਹੁਣ ਤੱਕ ਸੋਸ਼ਲ ਮੀਡੀਆ ‘ਤੇ ਲੱਖ ਤੋਂ ਜ਼ਿਆਦਾ ਲੋਕ ਚੋਣ ਮਨੋਰਥ ਪੱਤਰ ਨੂੰ ਵੇਖ ਚੁੱਕੇ ਹਨ ਜਦੋਂਕਿ ਅਖੀਰਲੇ ਦਿਨ ਦੇ ਰੋਡ ਸ਼ੋਅ ਨੂੰ 87000 ਲੋਕਾਂ ਨੇ ਲਾਈਵ ਵੇਖਿਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਹੀ ਸਮੇਂ ’ਤੇ ਸਿਖ਼ਰ ਛੋਹਿਆ ਹੈ ਤੇ ਮੌਜੂਦਾ ਰੁਝਾਨ ਇਹ ਦਰਸਾਉਂਦਾ ਹੈ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਪੂਰਨ ਬਹੁਮਤ ਵੱਲ ਵੱਧ ਰਿਹਾ ਹੈ।
ਉਹਨਾਂ ਕਿਹਾ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਦੀ ਕਮਾਲ ਦੀ ਰੁਚੀ ਅਤੇ ਬਾਅਦ ਵਿਚ ਭਾਸ਼ਣਾਂ ਵਿਚ ਦਿਲਚਸਪੀ ਇਸ ਗੱਲ ਦਾ ਸੰਕੇਤ ਹੈ ਕਿ ਵੋਟਰਾਂ ਨੇ ਕਿਸ ਤਰੀਕੇ ਦਾ ਮਨ ਬਣਾਇਆ ਹੈ। ਅਕਾਲੀ ਦਲ ਹੂੰਝਾ ਫੇਰ ਜਿੱਤ ਦਰਜ ਕਰੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਸੋਸ਼ਲ ਮੀਡੀਆ ’ਤੇ ਜ਼ਮੀਨੀ ਪੱਧਰ ’ਤੇ ਲੋਕਾਂ ਤੋਂ ਮਿਲੇ ਭਰਵੇਂ ਹੁੰਗਾਰੇ ਤੋਂ ਪਾਰਟੀ ਦੀ ਭਰੋਸੇਯੋਗਤਾ ਦਿੱਸਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪੰਜਾਬੀਆਂ ਵਿਚ ਬਦਲਾਅ ਦਾ ਰੁਝਾਨ ਦਿੱਸਦਾ ਹੈ ਤੇ ਸਪੱਸ਼ਟ ਹੈ ਕਿ ਲੋਕ ਭ੍ਰਿਸ਼ਟ ਅਤੇ ਨਿਕੰਮੀ ਕਾਂਗਰਸ ਸਰਕਾਰ ਨੁੰ ਚਲਦਾ ਕਰਨ ਅਤੇ ਸਮੇਂ ਦੀ ਕਸਵੱਟੀ ’ਤੇ ਪਰਖੀ ਤੇ ਸਾਰੇ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਅਕਾਲੀ ਦਲ ਨੂੰ ਸੱਤਾ ਸੌਂਪਣ ਦਾ ਮਨ ਬਣਾ ਚੁੱਕੇ ਹਨ।
ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਬਾਜ਼ੀ ਪਲਟਣ ਵਾਲਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਸਿਆਸੀ ਪਾਰਟੀ ਨੇ ਇਸ ਤਰੀਕੇ ਸਮਾਜ ਦੇ ਸਾਰੇ ਵਰਗਾਂ ਦੀਆਂ ਮੰਗਾਂ ਨੂੰ ਮੰਨ ਕੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਕਾਲੀ ਦਲ ਨੇ ਹਰੇਕ ਮੰਗ ’ਤੇ ਹੋਣ ਵਾਲੇ ਆਰਥਿਕ ਖਰਚ ਦਾ ਹਿਸਾਬਰ ਲਗਾ ਕੇ ਅਤੇ ਵਾਅਦੇ ਪੂਰੇ ਕਰਨ ਵਾਸਤੇ ਮਾਲੀਆ ਮਾਡਲ ਤਿਆਰ ਕਰ ਕੇ ਆਪਣੇ ਐਲਾਨ ਕੀਤੇ ਹਨ ਤੇ ਇਹੀ ਕਾਰਨ ਹੈ ਕਿ ਲੋਕਾਂ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਇੰਨੀ ਦਿਲਚਸਪੀ ਵਿਖਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਦੌਰਾਨ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਜਿਸ ਤਰੀਕੇ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਅਕਾਲੀ ਦਲ ਦੇ ਆਧਾਰ ਵਿਚ ਚੋਖਾ ਵਾਧਾ ਹੋਇਆ ਹੈ, ਉਸ ਦੀ ਬਦੌਲਤ ਲੋਕਾਂ ਦੀ ਅਕਾਲੀ ਦਲ ਦੇ ਪ੍ਰਧਾਨ ਦੇ ਭਾਸ਼ਣਾਂ ਵਿਚ ਦਿਲਚਸਪੀ ਵਧੀ ਹੈ ਤੇ ਇਹੀ ਕਾਰਨ ਹੈ ਕਿ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਉਹਨਾਂ ਦੀਆਂ ਰੈਲੀਆਂ ਵਿਚ ਵੀ ਵਿਸ਼ਾਲ ਇਕੱਠ ਹੋਏ ਹਨ। ਉਹਨਾਂ ਕਿਹਾ ਕਿ ਇਹ ਰੁਝਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀਆਂ ਰੈਲੀਆਂ ਵਿਚ ਖਾਲੀ ਕੁਰਸੀਆਂ ਤੋਂ ਉਲਟ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀਆਂ ਰੈਲੀਆਂ ਵਿਚ ਵੀ ਭੀੜ ਗਈ ਤੇ ਰੋਡ ਸ਼ੋਅ ਵਿਚ 200 ਤੱਕ ਬੰਦੇ ਰਹਿ ਗਏ। ਬੁਲਾਰੇ ਨੇ ਕਿਹਾ ਕਿ ਕਿਸੇ ਵੀ ਹੋਰ ਪਾਰਟੀ ਦਾ ਇੰਨਾ ਆਧਾਰ ਨਹੀਂ ਵਧਿਆ ਜਿੰਨਾ ਅਕਾਲੀ ਦਲ ਦਾ ਵਧਿਆ ਹੈ।
ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਸਰਕਾਰ ਸੁਖਬੀਰ ਸਿੰਘ ਬਾਦਲ ਦੇ ਭਾਸ਼ਣਾਂ ਦੀਆਂ ਵੀਡੀਓ ਵੇਖਣ ਵਾਲਿਆਂ ਦੀ ਗਿਣਤੀ ਚੋਖੀ ਵਧੀ ਹੈ। ਉਹਨਾਂ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿਚ ਪੇਜ ਨੂੰ 12 ਹਜ਼ਾਰ ਲੋਕ ਵੇਖਦੇ ਸਨ ਜੋ ਵੱਧ ਕੇ 30 ਹਜ਼ਾਰ ਹੋ ਗਏ ਤੇ ਪਿਛਲੇ ਕੁਝ ਦਿਨਾਂ ਵਿਚ ਇਕ ਲੱਖ ਤੱਕ ਅੱਪੜ ਗਏ। ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਮੁਕਤਸਰ ਵਿਚ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰੋਗਰਾਮ ਨੂੰ ਇਕ ਲੱਖ ਲੋਕਾਂ ਨੇ ਇਕੱਠਿਆਂ ਵੇਖਿਆ।