ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਆਪਣਾ ਗੁੱਸਾ ਸਰਕਾਰਾਂ ਪ੍ਰਤੀ ਜ਼ਾਹਰ ਕੀਤਾ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਸਿੱਖਾਂ ਪ੍ਰਤੀ ਇਕ ਨੀਤੀ ਅਪਨਾਉਣ ਤੇ ਸਿੱਖਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਹਰਮਿੰਦਰ ਸਾਹਿਬ ‘ਤੇ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਨੂੰ ਫੜਨ ਲਈ ਕਿਹਾ ਹੈ।
ਉਨ੍ਹਾਂ ਨੇ ਸਿੱਖਾਂ ਨਾਲ ਕੀਤੇ ਜਾ ਰਹੇ ਪੱਖਪਾਤ ਦੀ ਗੱਲ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਸਿੱਖਾਂ ਦੀ ਨਸਲਕੁਸ਼ੀ ਦੀ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਨਾ ਗਲਤ ਨਹੀਂ ਹੈ ਤਾਂ ਸਿੱਖ ਕੌਮ ਦੀ ਗੱਲ ਕਰਨ ਵਾਲੇ ਕਿਵੇਂ ਗਲਤ ਹੋ ਸਕਦੇ ਹਨ। ਜਿਸ ਦੇ ਆਧਾਰ ‘ਤੇ ਨਫ਼ਰਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੇਸ਼ ਵਿੱਚ ਦੋ ਕਾਨੂੰਨ ਚੱਲ ਰਹੇ ਹਨ। ਬੰਦੀ ਸਿੱਖਾਂ ਬਾਰੇ ਸਰਕਾਰਾਂ ਫੈਸਲੇ ਨਹੀਂ ਲੈ ਰਹੀਆਂ। ਜੇਕਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਜੇਕਰ ਕਿਸੇ ਦੇਸ਼ ਵਿੱਚ ਹਰ ਧਰਮ ਲਈ ਵੱਖੋ-ਵੱਖਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਇਹ ਦੇਸ਼ ਅਖੰਡ ਕਿਵੇਂ ਰਹਿ ਸਕਦਾ ਹੈ। ਜੇਕਰ ਇਸ ਦੇਸ਼ ਨੂੰ ਇਕਜੁੱਟ ਕਰਨਾ ਹੈ ਤਾਂ ਪੂਰੇ ਦੇਸ਼ ਨੂੰ ਪੱਖਪਾਤ ਤੋਂ ਮੁਕਤ ਹੋਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੌਰਾਨ ਹਰਿਮੰਦਰ ਸਾਹਿਬ ਨੂੰ ਉਡਾਉਣ ਅਤੇ ਹਮਲਾ ਕਰਨ ਦੇ ਬਿਆਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਨੂੰ ਸੁਰੱਖਿਆ ਦਿੱਤੀ ਗਈ ਹੈ। ਇੰਨਾ ਹੀ ਨਹੀਂ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਜੇਕਰ ਹਿੰਦੂ ਤੀਰਥ ਅਸਥਾਨ ਨੂੰ ਉਡਾਉਣ ਦੀ ਇਹ ਧਮਕੀ ਕਿਸੇ ਗੈਰ-ਹਿੰਦੂ ਨੇ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਉਹ ਜੇਲ੍ਹ ਵਿੱਚ ਹੁੰਦਾ। ਪਰ ਸਿੱਖ ਮਾਮਲਿਆਂ ਵਿੱਚ ਅਜਿਹਾ ਨਹੀਂ ਹੋ ਰਿਹਾ। ਇਸ ਸਾਰੇ ਮਾਹੌਲ ਵਿੱਚ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ।